ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਬਕਾ ਆਈਐਫਐਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਦੇ ਖਿਲਾਫ ਸ਼ਨੀਵਾਰ ਨੂੰ ਅੰਮ੍ਰਿਤਸਰਵਿੱਚ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨ ਪੂਰੇ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਨੂੰ ਘੇਰ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਕਾਫਲੇ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਦਰਅਸਲ, ਤਰਨਜੀਤ ਸਿੰਘ ਸੰਧੂ ਚੋਣ ਪ੍ਰਚਾਰ ਲਈ ਅਜਨਾਲਾ ਪਹੁੰਚੇ ਸਨ। ਸਾਬਕਾ ਅਕਾਲੀ ਆਗੂ ਤੇ ਭਾਜਪਾ ਦੇ ਮੌਜੂਦਾ ਲੀਡਰ ਬੋਨੀ ਅਜਨਾਲਾ ਵੀ ਉਨ੍ਹਾਂ ਦੇ ਨਾਲ ਸਨ। ਤਰਨਜੀਤ ਸਿੰਘ ਸੰਧੂ ਦਾ ਕਾਫਲਾ ਜਦੋਂ ਅਜਨਾਲਾ ਦੇ ਕਸਬਾ ਥੋਬਾ ਪਹੁੰਚਿਆ ਤਾਂ ਉਥੇ ਕਿਸਾਨ ਪਹਿਲਾਂ ਹੀ ਝੰਡੇ ਲੈ ਕੇ ਖੜ੍ਹੇ ਸਨ। ਕਾਫਲੇ ਨੂੰ ਦੇਖ ਕੇ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਪੁਲੀਸ ਨੇ ਤਰਨਜੀਤ ਸਿੰਘ ਸੰਧੂ ਦੀਆਂ ਗੱਡੀਆਂ ਨੂੰ ਘੇਰ ਲਿਆ। ਕਿਸਾਨ ਗੱਡੀਆਂ ਦੇ ਬਿਲਕੁਲ ਨੇੜੇ ਪਹੁੰਚ ਗਏ ਜਿਸ ਤੋਂ ਬਾਅਦ ਤਰਨਜੀਤ ਸੰਧੂ ਨੂੰ ਸੁਰੱਖਿਆ ਕਰਮਚਾਰੀਆਂ ਨੇ ਸੁਰੱਖਿਅਤ ਰਸਤਾ ਬਣਾ ਕੇ ਬਾਹਰ ਕੱਢਿਆ।
ਕਿਸਾਨਾਂ ਨੇ ਪੂਰੇ ਸੂਬੇ ਵਿੱਚ ਭਾਜਪਾ ਆਗੂਆਂ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਕਈ ਪਿੰਡਾਂ ਵਿੱਚ ਭਾਜਪਾ ਵਿਰੋਧੀ ਬੈਨਰ ਵੀ ਲਾਏ ਹੋਏ ਹਨ। ਜਿਸ ਵਿੱਚ ਉਨ੍ਹਾਂ ਚੋਣ ਪ੍ਰਚਾਰ ਕਰ ਰਹੇ ਭਾਜਪਾ ਆਗੂਆਂ ਨੂੰ ਪਿੰਡ ਵਿੱਚ ਨਾ ਆਉਣ ਦੀ ਚਿਤਾਵਨੀ ਦਿੱਤੀ ਹੈ।