
ਜ਼ਿਲ੍ਹਾ ਲੁਧਿਆਣਾ ਵਿੱਚ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮਾਂ ਦੇ ਅੰਦਰ ਸਥਾਨਕ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਨੂੰ ਦਾਖਿਲ ਨਹੀਂ ਹੋਣ ਦਿੱਤਾ ਗਿਆ, ਜਿਸ ਕਰਕੇ ਇਹ ਮਾਮਲਾ ਹੁਣ ਭਖਦਾ ਨਜ਼ਰ ਆ ਰਿਹਾ ਹੈ ਅਤੇ ਸਿਵਲ ਸਰਜਨ ਵੱਲੋਂ ਦਿੱਤੀ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਡਿਊਟੀ ਉੱਤੇ ਤਾਇਨਾਤ ਦੋ ਥਾਣੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਖੁਦ ਲੁਧਿਆਣਾ ਦੇ ਸਿਵਲ ਸਰਜਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਦੋ ਪੁਲਿਸ ਮੁਲਾਜ਼ਮ ਜੋ ਕਿ ਬਤੌਰ ਐੱਸਆਈ ਡਿਊਟੀ ਉੱਤੇ ਤਾਇਨਾਤ ਸਨ, ਉਨ੍ਹਾਂ ਨੇ ਸਮਾਗਮ ਵਿੱਚ ਮੈਨੂੰ ਦਾਖਿਲ ਨਹੀਂ ਹੋਣ ਦਿੱਤਾ। ਸਿਵਲ ਸਰਜਨ ਜਸਪਾਲ ਸਿੰਘ ਮੁਤਾਬਿਕ ਜਦੋਂ ਉਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਤਾਂ ਥਾਣੇਦਾਰਾਂ ਨੇ ਕਿਹਾ ਕਿ ਤੁਹਾਡਾ ਨਾਂ ਸੂਚੀ ਵਿੱਚ ਨਹੀਂ ਹੈ ਜਿਸ ਤੋਂ ਬਾਅਦ ਸਿਵਲ ਸਰਜਨ ਨੇ ਆਪਣਾ ਵੀਆਈਪੀ ਕਾਰਡ ਵਿਖਾਇਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਾਂਹ ਫੜ ਕੇ ਰੋਕ ਦਿੱਤਾ ਗਿਆ।ਜਸਪਾਲ ਸਿੰਘ ਮੁਤਾਬਿਕ ਪੁਲਿਸ ਅਫਸਰਾਂ ਨੇ ਉਨ੍ਹਾਂ ਨੂੰ ਰੋਕਿਆ ਪਰ ਉਹਨਾਂ ਦੇ ਸਾਹਮਣੇ ਹੀ 10 ਤੋਂ 15 ਤੋਂ ਅਜਿਹੇ ਮਹਿਮਾਨ ਅੰਦਰ ਭੇਜੇ ਗਏ ਜਿਨ੍ਹਾਂ ਦੇ ਆਈ ਕਾਰਡ ਤੱਕ ਨਹੀਂ ਚੈੱਕ ਕੀਤੇ ਗਏ। ਇਹ ਸਭ ਵੇਖ ਉਹਨਾਂ ਨੂੰ ਕਾਫੀ ਦੁੱਖ ਹੋਇਆ ਅਤੇ ਤੋਹੀਨ ਵੀ ਮਹਿਸੂਸ ਹੋਈ। ਜਿਸ ਤੋਂ ਬਾਅਦ ਉਹਨਾਂ ਨੇ ਸਮਾਗਮ ਦੇ ਵਿੱਚ ਤਾਂ ਕੁਝ ਨਹੀਂ ਬੋਲਿਆ ਪਰ ਬਾਅਦ ਵਿੱਚ ਲਿਖਤੀ ਸ਼ਿਕਾਇਤ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੂੰ ਭੇਜੀ। ਜਿਸ ਤੋਂ ਮਗਰੋਂ ਡੀਸੀ ਨੇ ਐਕਸ਼ਨ ਲੈਂਦੇ ਹੋਏ, ਇਹ ਲਿਖਤੀ ਸ਼ਿਕਾਇਤ ਐਸਡੀਐਮ ਨੂੰ ਮਾਰਕ ਕੀਤੀ। ਜਿਨ੍ਹਾਂ ਨੇ ਇਸ ਦੀ ਜਾਂਚ ਕੀਤੀ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਲਿਖਤੀ ਦੇ ਵਿੱਚ ਕਾਰਵਾਈ ਕਰਨ ਲਈ ਭੇਜਿਆ। ਕਾਰਵਾਈ ਕਰਦਿਆਂ ਡਿਊਟੀ ਉੱਤੇ ਤਾਇਨਾਤ ਦੋਵਾਂ ਪੁਲਿਸ ਦੇ ਐੱਸਆਈ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।