ਆਮ ਆਦਮੀ ਪਾਰਟੀ ਆਦਮਪੁਰ ਉਪ ਚੋਣ ‘ਚ ਕੋਈ ਵਡਾ ਧਮਾਲ ਨਹੀਂ ਕਰ ਸਕੀ ਹੈ। 2024 ‘ਚ ਹਰਿਆਣਾ ਦੀ ਸੱਤਾ ‘ਤੇ ਕਾਬਜ਼ ਹੋਣ ਦਾ ਸੁਪਨਾ ਦੇਖਣ ਵਾਲੀ ਆਮ ਆਦਮੀ ਪਾਰਟੀ ਨੂੰ ਆਦਮਪੁਰ ਉਪ ਚੋਣ ‘ਚ ਕਰਾਰਾ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਦਾ ਜਾਦੂ ਇੱਥੋਂ ਦੇ ਲੋਕਾਂ ‘ਤੇ ਨਹੀਂ ਚੱਲ ਸਕਿਆ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਅਸਫਲ ਰਹੇ ਹਨ।
ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਸਤਿੰਦਰ ਸਿੰਘ ਦੀ ਜ਼ਮਾਨਤ ਵੀ ਨਹੀਂ ਬਚ ਸਕੀ। 2019 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ 90 ‘ਚੋਂ 46 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ । ਪਾਰਟੀ ਨੂੰ ਸਿਰਫ਼ 0.48 ਫ਼ੀਸਦੀ ਵੋਟਾਂ ਮਿਲੀਆਂ ਸਨ। ਕਈ ਉਮੀਦਵਾਰਾਂ ਨੂੰ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ।
‘ਆਪ’ ਨੇ 2014 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਸਨ। ਪਾਰਟੀ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਹਨ, ਪਰ ਉਮੀਦਵਾਰਾਂ ਦੀ ਹਾਲਤ ਪਤਲੀ ਸੀ। ਸੂਬੇ ਵਿੱਚ ਜ਼ਮੀਨ ਤੱਕ ਪਾਰਟੀ ਦਾ ਸੰਗਠਨ ਨਾ ਹੋਣਾ ਵੀ ਆਮ ਚੋਣਾਂ ਅਤੇ ਇਸ ਉਪ ਚੋਣ ਵਿੱਚ ਹਾਰ ਦਾ ਵੱਡਾ ਕਾਰਨ ਰਿਹਾ। ਪਾਰਟੀ ਕੋਲ ਸੂਬੇ ‘ਚ ਕੋਈ ਵੀ ਵੱਡਾ ਚਿਹਰਾ ਨਹੀਂ ਹੈ, ਜੋ ‘ਆਪ’ ਨੂੰ ਆਪਣੇ ਦਮ ‘ਤੇ ਜਿੱਤਣ ਦੀ ਸਥਿਤੀ ‘ਚ ਲਿਆ ਸਕੇ।
ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਵਜੋਂ ਨਵੀਨ ਜੈਹਿੰਦ ਚਿਹਰਾ ਸੀ, ਪਰ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਨਹੀਂ ਹੋਈਆਂ। ਉਨ੍ਹਾਂ ਨੂੰ ਲੈ ਕੇ ਪਾਰਟੀ ਅੰਦਰ ਵਿਰੋਧੀ ਆਵਾਜ਼ਾਂ ਵੀ ਉੱਠੀਆਂ, ਬਗਾਵਤ ਵੀ ਹੋ ਗਈ। ਹੁਣ ਸੂਬਾ ਇੰਚਾਰਜ ਦੀ ਕਮਾਨ ਸੰਸਦ ਮੈਂਬਰ ਸੁਸ਼ੀਲ ਗੁਪਤਾ ਦੇ ਹੱਥਾਂ ਵਿੱਚ ਹੈ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਡਾ. ਅਸ਼ੋਕ ਤੰਵਰ ‘ਆਪ’ ਵਿੱਚ ਸ਼ਾਮਲ ਹੋ ਗਏ ਹਨ, ਇਸ ਦੇ ਬਾਵਜੂਦ ਪਾਰਟੀ ਦੀ ਪੈਰਵੀ ਜ਼ਮੀਨੀ ਪੱਧਰ ‘ਤੇ ਮਜ਼ਬੂਤ ਨਹੀਂ ਹੋ ਰਹੀ।
ਦਿੱਲੀ ਅਤੇ ਪੰਜਾਬ ਦੇ ਉਲਟ ਹਰਿਆਣਾ ਵਿੱਚ ਪਾਰਟੀ ਦਾ ਕੋਈ ਕਾਡਰ ਨਹੀਂ ਹੈ। ਆਦਮਪੁਰ ਜ਼ਿਮਨੀ ਚੋਣ ‘ਚ ‘ਆਪ’ ਨੂੰ ਕੇਜਰੀਵਾਲ ਦੇ ਦਿੱਲੀ ਮਾਡਲ ਦੀ ਹਮਾਇਤ ਮਿਲੀ ਸੀ, ਜਿਸ ਨੂੰ ਜਨਤਾ ਨੇ ਖਦੇੜ ਦਿੱਤਾ ਸੀ।