ਜਲੰਧਰ ਦੇ ਆਦਮਪੁਰ ਥਾਣੇ ਦੇ ਬਾਹਰ ਦੋ ਪਰਿਵਾਰਾਂ ਦਾ ਹਾਇਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਪਰਿਵਾਰਾਂ ਦੀਆਂ ਔਰਤਾਂ ਨੇ ਜਿੱਥੇ ਇੱਕ-ਦੂਜੇ ਦੇ ਵਾਲ ਪੁੱਟ ਕੇ ਗੁੱਸਾ ਕੱਢਿਆ ਤਾਂ ਪੁਰਸ਼ਾਂ ਨੇ ਇੱਕ-ਦੂਜੇ ਦੀਆਂ ਪੱਗਾਂ ਤੱਕ ਲਾ ਦਿੱਤੀਆਂ। ਦਰਅਸਲ, ਇਹ ਝਗੜਾ ਇੱਕ ਪਰਿਵਾਰ ਦੀ ਕੁੜੀ ਵੱਲੋਂ ਉਨ੍ਹਾਂ ਦੀ ਮਰਜ਼ੀ ਤੋਂ ਬਿਨਾ ਵਿਆਹ ਕਰਵਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ।
ਜਿਸ ਤੋਂ ਬਾਅਦ ਇੱਕ ਗੁੱਜਰ ਪਰਿਵਾਰ ਦੇ ਮੈਂਬਰਾਂ ਨੇ ਇੱਕ ਜੋੜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੀ ਘਟਨਾ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਦੌਰਾਨ ਵਾਪਰੀ।
ਪੁਲਿਸ ਮੁਲਾਜ਼ਮਾਂ ਨੇ ਬੜੀ ਮਸ਼ਕੱਤ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੂੰ ਗੁੱਜਰ ਪਰਿਵਾਰ ਦੇ ਮੈਂਬਰਾਂ ਤੋਂ ਛੁਡਵਾਇਆ ਅਤੇ ਥਾਣੇ ਦੇ ਅੰਦਰ ਲੈ ਗਏ। ਪਰ ਪਰਿਵਾਰ ਵਾਲਿਆਂ ਨੇ ਥਾਣੇ ਅੰਦਰ ਵੜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਥਾਣੇਦਾਰ ਨੇ ਥਾਣੇ ਦੇ ਗੇਟ ਬੰਦ ਕਰ ਦਿੱਤਾ। ਐਸਐਸਪੀ ਜਲੰਧਰ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁੱਜਰ ਪਰਿਵਾਰ ਦੀ ਇੱਕ ਲੜਕੀ ਨੇ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਅਦਾਲਤ ਵਿੱਚ ਪ੍ਰੇਮ ਵਿਆਹ ਕਰਵਾ ਲਿਆ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਦਮਪੁਰ ਥਾਣੇ ਦੇ ਬਾਹਰ ਪੁਲਿਸ ਦੀ ਮੌਜੂਦਗੀ ‘ਚ ਲੜਕੀ ਦੀ ਕੁੱਟਮਾਰ ਕੀਤੀ।
ਜਲੰਧਰ ਦੇਹਾਤ ਪੁਲਿਸ ਦੇ ਐਸ.ਐਸ.ਪੀ ਮੁਖਵਿੰਦਰ ਸਿੰਘ ਭੁੱਲਰ ਨੇ ਇਸ ਘਟਨਾ ਬਾਰੇ ਦੱਸਿਆ ਕਿ ਗੁੱਜਰ ਬਰਾਦਰੀ ਦੀ ਲੜਕੀ ਦੇ ਇੱਕ ਲੜਕੇ ਨਾਲ ਸਬੰਧ ਸਨ ਅਤੇ ਦੋਵਾਂ ਨੇ ਅਦਾਲਤ ਵਿੱਚ ਵਿਆਹ ਕਰਵਾ ਲਿਆ। ਲੜਕੀ ਗੁੱਜਰ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਲੜਕੇ ਖ਼ਿਲਾਫ਼ ਧਾਰਾ 363, 66 ਤਹਿਤ ਐਫਆਈਆਰ ਨੰਬਰ 68 ਤਹਿਤ ਕੇਸ ਦਰਜ ਕੀਤਾ ਸੀ। ਜਦੋਂ ਲੜਕੇ ਨੂੰ ਦੋ ਦਿਨ ਪਹਿਲਾਂ ਉਸਦੇ ਬਿਆਨ ਦਰਜ ਕਰਵਾਉਣ ਲਈ ਥਾਣੇ ਬੁਲਾਇਆ ਗਿਆ ਤਾਂ ਇਸ ਦੀ ਖਬਰ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਗ ਗਈ।
ਪਰਿਵਾਰਿਕ ਮੈਬਰ ਥਾਣੇ ਦੇ ਬਾਹਰ ਇੱਕਠੇ ਹੋ ਗਏ ਅਤੇ ਲੜਕੇ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦਖ਼ਲ ਦੇ ਕੇ ਨਵੇਂ ਵਿਆਹੇ ਜੋੜੇ ਨੂੰ ਪਰਿਵਾਰ ਦੇ ਲੋਕਾਂ ਤੋਂ ਛੁਡਵਾਇਆ ਅਤੇ ਪੁਲਿਸ ਸੁਰੱਖਿਆ ਨਾਲ ਕਿਸੇ ਸੁਰੱਖਿਅਤ ਥਾਂ ਤੇ ਭੇਜ ਦਿੱਤਾ।