ਆਪਣੇ ਆਪ ਨੂੰ ਪੁਲਿਸ ਦਾ IG ਦੱਸਣ ਵਾਲੇ ਵਿਅਕਤੀ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ
A person who called himself IG beat up a traffic policeman

ਆਪਣੇ ਆਪ ਨੂੰ IG ਦੱਸਣ ਵਾਲੇ ਸ਼ਖਸ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ
ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਸ਼ੇ ਦੇ ਵਿੱਚ ਧੁੱਤ ਸ਼ਖਸ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਨਾਲ ਕੁੱਟਮਾਰ ਕੀਤੀ। ਮੌਕੇ ਉੱਤੇ ਖੜ੍ਹੇ ਲੋਕਾਂ ਨੇ ਪੁਲਿਸ ਕਰਮੀ ਨੂੰ ਬਚਾਇਆ।
ਇਹ ਘਟਨਾ ਰਾਹਗੀਰਾਂ ਨੇ ਮੋਬਾਈਲ ‘ਚ ਕੈਦ ਕਰ ਲਈ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਚਸ਼ਮਦੀਦਾਂ ਦੇ ਅਨੁਸਾਰ, ਕੁੱਟਮਾਰ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ IG (ਇੰਸਪੈਕਟਰ ਜਨਰਲ) ਪੱਧਰ ਦਾ ਅਧਿਕਾਰੀ ਦੱਸ ਰਿਹਾ ਸੀ, ਪਰ ਉਸ ਦੀਆਂ ਹਰਕਤਾਂ ਤੋਂ ਲੱਗ ਰਿਹਾ ਸੀ ਕਿ ਉਹ ਨਸ਼ੇ ਵਿੱਚ ਸੀ। ਇਸ ਮਾਮਲੇ ਦੀ ਜਾਂਚ ਥਾਣਾ ਸਰਾਭਾ ਨਗਰ ਦੀ ਪੁਲਿਸ ਕਰ ਰਹੀ ਹੈ। ਲੋਕਾਂ ਨੇ ਦੱਸਿਆ ਕਿ ਪੁਲਿਸ ਕਰਮੀ ਨੇ ਘਟਨਾ ਦੀ ਜਾਣਕਾਰੀ ਥਾਣੇ ਨੂੰ ਦਿੱਤੀ ਸੀ, ਪਰ ਪੁਲਿਸ ਮੌਕੇ ‘ਤੇ ਲਗਭਗ 25 ਮਿੰਟ ਬਾਅਦ ਪਹੁੰਚੀ।
ਜਿਸ ਵਿਅਕਤੀ ਨੇ ਟ੍ਰੈਫਿਕ ਪੁਲਿਸ ਕਰਮੀ ਨਾਲ ਮਾਰਪੀਟ ਕੀਤੀ, ਉਹ ਸੜਕ ‘ਤੇ ਖੜ੍ਹਾ ਹੋ ਕੇ ਆਪਣੇ ਆਪ ਨੂੰ ਅਧਿਕਾਰੀ ਦੱਸਦਿਆਂ ਵਾਹਨ ਚਲਾਕਾਂ ਨੂੰ ਰੋਕ ਰਿਹਾ ਸੀ ਅਤੇ ਉਨ੍ਹਾਂ ਦੇ ਕਾਗਜ਼ਾਤ ਚੈਕ ਕਰ ਰਿਹਾ ਸੀ। ਜਦੋਂ ਇਹ ਗੱਲ ਡਿਊਟੀ ‘ਤੇ ਤਾਇਨਾਤ ਟ੍ਰੈਫਿਕ ਕਰਮੀ ਬਲਵਿੰਦਰ ਸਿੰਘ ਨੂੰ ਪਤਾ ਲੱਗੀ ਤਾਂ ਉਹ ਮੌਕੇ ‘ਤੇ ਪਹੁੰਚੇ ਅਤੇ ਉਸ ਵਿਅਕਤੀ ਨਾਲ ਪੁੱਛਗਿੱਛ ਕਰਨ ਲੱਗੇ। ਇਸ ‘ਤੇ ਮੁਲਜ਼ਮ ਨੇ ਟ੍ਰੈਫਿਕ ਕਰਮੀ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਘਟਨਾ ਦੌਰਾਨ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਟ੍ਰੈਫਿਕ ਕਰਮੀ ਦਾ ਬਚਾਅ ਕੀਤਾ। ਇਸ ਤੋਂ ਬਾਅਦ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਆਰੋਪੀ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਰਾਭਾ ਨਗਰ ਲੈ ਗਈ।