
ਆਮ ਆਦਮੀ ਪਾਰਟੀ ਅੱਜ ਲੋਕ ਸਭਾ ਸੀਟ ਜਲੰਧਰ ਅਤੇ ਲੁਧਿਆਣਾ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਹੁਣ ਤੱਕ ਆਪ ਨੇ ਪੰਜਾਬ ਵਿੱਚ 9 ਸੀਟਾਂ ਤੇ ਆਪਣੇ ਉਮੀਦਵਾਰ ਦਾ ਨਾਮਾਂ ਦਾ ਐਲਾਨ ਕਰ ਚੁੱਕੀ ਹੈ। ਜਲੰਧਰ ਤੋਂ ਪਹਿਲਾਂ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ, ਪਰ ਉਨ੍ਹਾਂ ਦੇ ਪਾਰਟੀ ਛੱਡਣ ਤੋਂ ਬਾਅਦ ਇਸ ਸੀਟ ਤੋਂ ਪਾਰਟੀ ਨਵਾਂ ਉਮੀਦਵਾਰ ਐਲਾਨੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਆਪਣੇ ਐਕਸ ‘ਤੇ ਕੀਤੇ ਇੱਕ ਪੋਸਟ ਵਿੱਚ ਲਿਖਿਆ ਕਿ ‘ਆਪ’ ਪੰਜਾਬ ਵਿੱਚ ਜਲੰਧਰ ਅਤੇ ਲੁਧਿਆਣਾ ਲੋਕ ਸਭਾ ਸੀਟਾਂ ਲਈ 16 ਅਪ੍ਰੈਲ ਨੂੰ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ।
ਦੱਸਦਈਏ ਕਿ ਆਮ ਆਦਮੀ ਪਾਰਟੀ ਨੇ ਇਸ ਤੋਂ ਪਹਿਲਾਂ 13 ਵਿਚੋਂ 9 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਜਿਹਨਾਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵਿੱਚੋਂ 5 ਮੌਜੂਦਾ ਸਰਕਾਰ ਵਿੱਚ ਮੰਤਰੀ ਹਨ। ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖੰਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੂੱਲਰ, ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ, ਫਰੀਦਕੋਟ ਤੋਂ ਕਰਮਜੀਤ ਸਿੰਘ ਅਨਮੋਲ, ਬਠਿੰਡਾ ਤੋਂ ਗੁਰਪ੍ਰੀਤ ਸਿੰਘ ਖੁੱਡੀਆਂ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਬਲਬੀਰ ਸਿੰਘ, ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਅਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਜਲੰਧਰ ਜ਼ਿਲ੍ਹੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ ਜ਼ਿਲੇ ‘ਚ ਚਾਰ ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਨੇ ਪੰਜ ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਸਰਕਾਰ ਵਿੱਚ ਨਗਰ ਨਿਗਮ ਦੇ ਮੰਤਰੀ ਹਨ। ਹਾਲਾਂਕਿ ਹੁਣ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ।
ਜਿਥੋਂ ਤੱਕ ਲੁਧਿਆਣਾ ਜ਼ਿਲ੍ਹੇ ਦਾ ਸਬੰਧ ਹੈ, ਇੱਥੇ 14 ਵਿਧਾਨ ਸਭਾ ਹਲਕੇ ਹਨ। ਦਾਖਾ ਹਲਕੇ ਤੋਂ ਇਲਾਵਾ ਬਾਕੀ ਸਾਰੇ ਹਲਕਿਆਂ ਵਿੱਚ ਆਪ ਦੇ ਵਿਧਾਇਕ ਹਨ। ਅਜਿਹੇ ‘ਚ ਪਾਰਟੀ ਇਨ੍ਹਾਂ ਸਾਰੀਆਂ ਗੱਲਾਂ ਦਾ ਫਾਇਦਾ ਉਠਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਚਰਚਾ ਹੈ ਕਿ ਪਾਰਟੀ ਕਿਸੇ ਵਿਧਾਇਕ ‘ਤੇ ਦਾਅ ਖੇਡ ਸਕਦੀ ਹੈ।