ਪੰਜਾਬ ਟਰਾਂਸਪੋਰਟ ਵਿਭਾਗ ਤੋਂ ਰਜਿਸਟੇ੍ਸ਼ਨ ਕਰਵਾਏ ਬਿਨਾਂ ਹੀ ਬਾਬਾ ਬਕਾਲਾ ਦੇ ਵਿਧਾਇਕ ਵੱਲੋਂ ਪਿਛਲੇ ਕਈ ਦਿਨਾਂ ਤੋਂ ਫਾਰਚੂਨਰ ਗੱਡੀ ‘ਤੇ ਨੰਬਰ ਪਲੇਟਾਂ ਲਗਾ ਕੇ ਆਪਣੀ ਹੀ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿਛਲੇ ਦਿਨੀਂ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਖਰੀਦੀ ਸੀ। ਇਸ ‘ਤੇ ਨੰਬਰ ਪਲੇਟ ‘ਤੇ ਪੀਬੀ-02-ਈਐੱਚ- 0039 ਅਤੇ ਪੰਜਾਬ ਸਰਕਾਰ ਲਿਖਿਆ ਹੋਇਆ ਹੈ। ਇਸ ਸਬੰਧੀ ਲੋਕਾਂ ਵਿਚ ਚਰਚਾ ਹੈ ਕਿ ਉਕਤ ਨੰਬਰ ਹਾਲੇ ਤਕ ਕਿਸੇ ਨਾਂ ‘ਤੇ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਸਥਾਨਕ ਵਿਧਾਇਕ ਵੱਲੋਂ ਟਰਾਂਸਪੋਰਟ ਵਿਭਾਗ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਮਨਿਸਟਰੀ ਐਂਡ ਰੋਡ ਟਰਾਂਸਪੋਰਟ ਅਤੇ ਹਾਈਵੇ ਭਾਰਤ ਸਰਕਾਰ ਦੀ ਵੈੱਬਸਾਈਟ ‘ਤੇ ਦੇਖਣ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਨੰਬਰ ਅਜੇ ਤਕ ਕਿਸੇ ਦੇ ਨਾਂ ‘ਤੇ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਦੀ ਪੁਸ਼ਟੀ ਕਰਦਿਆਂ ਆਰਟੀਓ ਅੰਮਿ੍ਤਸਰ ਅਰਸ਼ਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਅੱਜ ਤਕ ਕਿਸੇ ਨੇ ਵੀ ਪੀਬੀ-02-ਈਐੱਚ-0039 ਨੰਬਰ ਸਬੰਧੀ ਮੰਗ ਜਾਂ ਬੋਲੀ ਨਹੀਂ ਲਗਾਈ ਹੈ। ਇਸ ਕਾਰਨ ਇਹ ਨੰਬਰ ਪਲੇਟ ਲਗਾ ਕੇ ਵਾਹਨ ਚਲਾਉਣਾ ਕਾਨੂੰਨ ਦੀ ਉਲੰਘਣਾ ਹੈ। ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ। ਅਨਾਜ ਮੰਡੀ ਵਿਚ ਵਿਧਾਇਕ ਦਲਬੀਰ ਸਿੰਘ ਟੌਂਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕਾਰ ਉਨ੍ਹਾਂ ਦੇ ਨਾਂ ‘ਤੇ ਹੈ। ਸਾਰੇ ਟੈਕਸ ਭਰੇ ਹੋਏ ਹਨ। ਤੁਸੀਂ ਜੋ ਲਿਖਣਾ ਚਾਹੁੰਦੇ ਹੋ, ਲਿਖੋ।