
ਪੰਜਾਬ ਸਰਕਾਰ ਨੇ ਚੁੱਪ-ਚੁਪੀਤੇ ਜਨਤਾ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਪੈਟਰੋਲ ਤੇ ਡੀਜ਼ਲ ‘ਤੇ ਵੈਟ ਕਰੀਬ 1 ਰੁਪਏ ਵਧਾ ਦਿੱਤਾ ਹੈ। ਵਧੀਆਂ ਕੀਮਤਾਂ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ ਸਰਕਾਰ ਦੇ ਇਸ ਫੈਸਲੇ ਦੀ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਵਿੱਚ ਵਾਧੂ ਸਰੋਤ ਜੁਟਾਉਣ ਦੀ ਕੋਸ਼ਿਸ਼ ਵਿੱਚ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੋਵਾਂ ਲਈ 0.90 ਰੁਪਏ ਪ੍ਰਤੀ ਲੀਟਰ ਵੈਟ ਵਧਾਇਆ ਸੀ।
ਸੂਤਰਾਂ ਅਨੁਸਾਰ ਕੱਲ੍ਹ ਮਾਨਸਾ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਪਰ ਇਸ ਬਾਰੇ ਸਰਕਾਰ ਨੇ ਕੁਝ ਵੀ ਨਹੀਂ ਦੱਸਿਆ ਸੀ। ਹਾਲਾਂਕਿ ਇਸ ਬਾਰੇ ਅਜੇ ਤੱਕ ਸਰਕਾਰ ਜਾਂ ਸੱਤਾਧਾਰੀ ਧਿਰ ਵੱਲੋਂ ਇਸ ‘ਤੇ ਕੁਝ ਨਹੀਂ ਕਿਹਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਪੈਟਰੋਲ ਦੀ ਵੈਟ ਦਰ ‘ਚ ਕਰੀਬ 1.8 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰਨ ਪੈਟਰੋਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਜਦੋਂਕਿ ਵੈਟ ਦਰ ਵਿੱਚ 1.13 ਫੀਸਦੀ ਵਾਧੇ ਕਾਰਨ ਡੀਜ਼ਲ 90 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਇਸ ਦਰ ਵਿੱਚ 10 ਫੀਸਦੀ ਸਰਚਾਰਜ ਵੀ ਸ਼ਾਮਲ ਹੈ। ਇਸ ਕਾਰਨ ਮੁਹਾਲੀ ਵਿੱਚ ਜਿੱਥੇ ਪਹਿਲਾਂ ਪ੍ਰਤੀ ਲੀਟਰ ਪੈਟਰੋਲ 98.3 ਰੁਪਏ ਵਿੱਚ ਮਿਲਦਾ ਸੀ, ਹੁਣ ਇਹ ਵਧ ਕੇ 98.95 ਰੁਪਏ ਹੋ ਗਿਆ ਹੈ। ਜਦਕਿ 88.35 ਰੁਪਏ ਪ੍ਰਤੀ ਲੀਟਰ ਮਿਲਣ ਵਾਲੇ ਡੀਜ਼ਲ ਦੀ ਕੀਮਤ ਹੁਣ 89.25 ਰੁਪਏ ਹੋ ਗਈ ਹੈ।