ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪੰਜਾਬ ਵਿਚ ਵਿਗੜੀ ਅਮਨ-ਕਾਨੂੰਨ ਦੀ ਸਥਿਤੀ ਉੱਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਜੰਗਲ ਰਾਜ ਵਿਚ ਧੱਕ ਦਿੱਤਾ ਹੈ। ਉਨ੍ਹਾਂ ਜਾਰੀ ਬਿਆਨ ਵਿੱਚ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਚ ਕਾਨੂੰਨ ਦੇ ਰਾਜ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਅੱਜ ਦੇਸ਼ ਵਿਚ ਅਰਾਜਕਤਾ, ਗੁੰਡਾਗਰਦੀ, ਗੈਂਗਵਾਰ ਮਾਫੀਆ ਲਈ ਪੰਜਾਬ ਦੀ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਆਪਣਾ ਜ਼ਿਆਦਾਤਰ ਸਮਾਂ ਸੂਬੇ ਤੋਂ ਬਾਹਰ ਹੀ ਬਤੀਤ ਕਰ ਰਹੇ ਹਨ। ਸੂਬੇ ਦੀ ਕਾਨੂੰਨ ਵਿਵਸਥਾ ਕੌਣ ਦੇਖ ਰਿਹਾ ਹੈ? ਇਸ ਲਈ ਕੌਣ ਜ਼ਿੰਮੇਵਾਰ ਹੈ, ਕੋਈ ਨਹੀਂ ਜਾਣਦਾ?
ਠਾਕੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਸਨ ਕਿ ਜੇ ਦਿੱਲੀ ਸਰਕਾਰ ਨੂੰ ਪੁਲਿਸ ਦਾ ਕੰਟਰੋਲ ਸੌਂਪ ਦਿੱਤਾ ਜਾਵੇ ਤਾਂ ਉਹ ਵੱਡੇ ਸੁਧਾਰ ਲਿਆਉਣਗੇ ਪਰ ਅੱਜ ਪੰਜਾਬ ਪੁਲਿਸ ਨੂੰ ਕੀ ਹੋ ਗਿਆ ਹੈ। ਹਰ ਰੋਜ਼ ਚਾਰੋਂ ਪਾਸਿਓਂ ਕਤਲਾਂ, ਜੁਰਮਾਂ ਅਤੇ ਅਰਾਜਕਤਾ ਦੀਆਂ ਖਬਰਾਂ ਆ ਰਹੀਆਂ ਹਨ।