‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪਾਰਟੀ ਨੇ ਕੌਮਾਂਤਰੀ ਪੱਧਰ ’ਤੇ ਵੀ ਰੋਸ ਪ੍ਰਦਰਸ਼ਨ ਕੀਤੇ ਹਨ। ਪੰਜਾਬ ’ਚੋਂ ‘ਆਪ’ ਦੇ ਸੱਤ ਰਾਜ ਸਭਾ ਮੈਂਬਰ ਹਨ ਜਿਨ੍ਹਾਂ ’ਚੋਂ ਪੰਜ ਦੀ ਚੁੱਪ ਨੇ ਪਾਰਟੀ ਨੂੰ ਹੈਰਾਨ ਕਰ ਦਿੱਤਾ ਹੈ। ‘ਆਪ’ ਦੇ ਪੰਜ ਰਾਜ ਸਭਾ ਮੈਂਬਰਾਂ ਨੇ ਠੀਕ ਉਸ ਵੇਲੇ ਭੇਤਭਰੀ ਚੁੱਪ ਵੱਟੀ ਹੈ ਜਦੋਂ ਪਾਰਟੀ ਸੰਕਟ ਦੇ ਦੌਰ ’ਚੋਂ ਲੰਘ ਰਹੀ ਹੈ।ਇਹ ਪੰਜ ਮੈਂਬਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਕੁੱਝ ਵੀ ਨਹੀਂ ਬੋਲੇ ਹਨ। ‘ਆਪ’ ਨੇ ਖਿਡਾਰੀਆਂ, ਸਮਾਜ ਸੇਵਕਾਂ ਅਤੇ ਕਾਰੋਬਾਰੀਆਂ ਨੂੰ ਰਾਜ ਸਭਾ ਭੇਜਿਆ ਹੈ। ਕ੍ਰਿਕਟਰ ਹਰਭਜਨ ਸਿੰਘ ਤਾਂ ਉਸ ਵਕਤ ਵੀ ਪਾਰਟੀ ਦੇ ਚੋਣ ਪ੍ਰਚਾਰ ਤੋਂ ਦੂਰ ਹੀ ਰਹੇ ਸਨ ਜਦੋਂ ਜਲੰਧਰ ਦੀ ਜ਼ਿਮਨੀ ਚੋਣ ਹੋ ਰਹੀ ਸੀ।
‘ਆਪ’ ਵੱਲੋਂ ਸਾਰੇ ਛੋਟੇ-ਵੱਡੇ ਨੇਤਾਵਾਂ ਨੂੰ ਸੋਸ਼ਲ ਮੀਡੀਆ ਖ਼ਾਤਿਆਂ ’ਤੇ ਕੇਜਰੀਵਾਲ ਦੀ ਪ੍ਰੋਫਾਈਲ ਤਸਵੀਰ ਲਾਉਣ ਦੀ ਹਦਾਇਤ ਕੀਤੀ ਗਈ ਸੀ ਪ੍ਰੰਤੂ ‘ਆਪ’ ਦੇ ਰਾਜ ਸਭਾ ਮੈਂਬਰਾਂ ਹਰਭਜਨ ਸਿੰਘ, ਅਸ਼ੋਕ ਕੁਮਾਰ ਮਿੱਤਲ, ਸੰਜੀਵ ਅਰੋੜਾ, ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਕਿਧਰੇ ਵੀ ਕੇਜਰੀਵਾਲ ਦੀ ਪ੍ਰੋਫਾਈਲ ਤਸਵੀਰ ਨਹੀਂ ਦਿਖਦੀ ਹੈ। ਰਾਜ ਸਭਾ ਮੈਂਬਰਾਂ ’ਚੋਂ ਸਿਰਫ਼ ਸੰਦੀਪ ਪਾਠਕ ਹਨ ਜਿਹੜੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਰੋਸ ਪ੍ਰਦਰਸ਼ਨਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਸੰਦੀਪ ਪਾਠਕ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਵੀ ਹਨ ਅਤੇ ਉਹ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਵੀ ਜੁਟੇ ਹੋਏ ਹਨ। ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਇਸ ਸਮੇਂ ਲੰਡਨ ਵਿਚ ਹਨ, ਵੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਬੋਲੇ ਸਨ ਪ੍ਰੰਤੂ ਕਿਸੇ ਪ੍ਰਦਰਸ਼ਨ ਵਿਚ ਸ਼ਾਮਲ ਨਹੀਂ ਹੋਏ ਹਨ।
ਐੱਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਮਗਰੋਂ ਹੀ ‘ਆਪ’ ਨੇਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ’ਤੇ ਪ੍ਰੋਫਾਈਲ ਤਸਵੀਰਾਂ ਬਦਲਦਿਆਂ ਕੇਜਰੀਵਾਲ ਦੀ ਤਸਵੀਰ ਲਗਾ ਦਿੱਤੀ ਸੀ। ‘ਆਪ’ ਸਰਕਾਰ ਦੇ ਇੱਕ ਮੰਤਰੀ ਮੁਤਾਬਕ ਪੰਜ ਸੰਸਦ ਮੈਂਬਰਾਂ ਨੇ ਨਾ ਕੇਜਰੀਵਾਲ ਦਾ ਸਮਰਥਨ ਕੀਤਾ ਹੈ ਅਤੇ ਨਾ ਹੀ ਭਾਜਪਾ ਵਿਰੁੱਧ ਕੋਈ ਬਿਆਨ ਦਿੱਤਾ ਹੈ। ਜਦੋਂ ਸੋਸ਼ਲ ਮੀਡੀਆ ਖ਼ਾਤਿਆਂ ਦੀ ਪੜਚੋਲ ਕੀਤੀ ਤਾਂ ਹਰਭਜਨ ਸਿੰਘ ਅਤੇ ਸੰਜੀਵ ਅਰੋੜਾ ਨੇ ‘ਆਪ’ ਨੇਤਾ ਸੰਜੈ ਸਿੰਘ ਨੂੰ ਜ਼ਮਾਨਤ ’ਤੇ ਰਿਹਾਈ ਦੀ ਵਧਾਈ ਦਿੱਤੀ ਹੈ ਅਤੇ ਕੇਜਰੀਵਾਲ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ ਪਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ ਹੈ। ਇਨ੍ਹਾਂ ਆਗੂਆਂ ਦੀਆਂ ਹੋਰ ਪੋਸਟਾਂ ਬਾਕੀ ਮੁੱਦਿਆਂ ਬਾਰੇ ਹਨ। ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਪਿਛਲੇ ਦਿਨਾਂ ਤੋਂ ਜਨੇਵਾ ਸਮਾਗਮ ਵਿਚ ਸ਼ਾਮਲ ਹੋਏ ਸਨ। ਸੰਸਦ ਮੈਂਬਰ ਸੀਚੇਵਾਲ ਵਾਤਾਵਰਨ ਸਬੰਧੀ ਮੁੱਦਿਆਂ ’ਤੇ ਚਰਚਾ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਦੀ ਤਸਵੀਰ ਵੀ ਉਨ੍ਹਾਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੋਈ ਹੈ। ਸੀਚੇਵਾਲ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਸੀਚੇਵਾਲ ਨੇ ‘ਆਪ’ ਨੂੰ ਰਾਜ ਸਭਾ ਮੈਂਬਰ ਬਣਨ ਤੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਪਾਰਟੀ ਦੇ ਸਿਆਸੀ ਸਮਾਗਮਾਂ ਦਾ ਹਿੱਸਾ ਨਹੀਂ ਬਣਨਗੇ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੀ ਇੱਕ ਪੋਸਟ ਵਿਚ ਕਿਹਾ ਹੈ ਕਿ ਉਹ ਗੈਰ ਸਿਆਸੀ ਹਨ