
ਜਲੰਧਰ-ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਲੰਗੜੋਆ ਬਾਈਪਾਸ ਲਾਗੇ ਇਕ ਸਵਿਫਟ ਕਾਰ ਅਤੇ ਇਕ ਫਾਰਚੂਨਰ ਗੱਡੀ ਦੀ ਟੱਕਰ ਵਿਚ ਇਕ 85 ਸਾਲਾ ਵਿਅਕਤੀ ਦਰਸ਼ਨ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਮਜਾਰੀ (ਬਲਾਚੌਰ) ਦੀ ਮੌਤ ਹੋ ਗਈ ਹੈ। ਜਦਕਿ ਇਸ ਹਾਦਸੇ ਵਿਚ ਫਾਰਚੂਨਰ ਗੱਡੀ ਵਿਚ ਸਵਾਰ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਆਪਣੇ ਪੰਜ ਸਾਥੀਆਂ ਸਮੇਤ ਵਾਲ-ਵਾਲ ਬਚ ਗਏ। ਇਸ ਹਾਦਸੇ ਵਿਚ ਫਾਰਚੂਨਰ ਗੱਡੀ ਦਾ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ ਹੈ
ਜਿਸ ਨੂੰ ਨਵਾਂਸ਼ਹਿਰ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਉਪਰੰਤ ਦੋਵੇਂ ਗੱਡੀਆਂ ਸੜਕ ਤੋਂ ਹੇਠਾਂ ਮੱਕੀ ਦੇ ਖੇਤਾਂ ਵਿਚ ਪਲਟ ਗਈਆਂ। ਇਸ ਹਾਦਸੇ ਉਪਰੰਤ ਫਾਰਚੂਨਰ ਗੱਡੀ ਵਿਚੋਂ ਏਅਰਬੈਗ ਖੁੱਲ੍ਹ ਗਏ ਸਨ।