Jalandhar

ਆਪ ਸਰਕਾਰ ਦਾ ਪੰਜਾਬ ਕੇਸਰੀ ਪੱਤਰ ਸਮੂਹ ’ਤੇ ਹਮਲਾ, ਪੁਲਿਸ ਵਲੋਂ ਜ਼ਬਰਦਸਤੀ ਅੰਦਰ ਵੜ੍ਹ ਕੇ ਅਖ਼ਬਾਰ ਦੇ ਕਰਮਚਾਰੀਆਂ ਨਾਲ ਕੁੱਟਮਾਰ

AAP government attacks Punjab Kesari Patra Group, police forcefully enter and beat up newspaper employees

AAP government attacks Punjab Kesari Patra Group, police forcefully enter and beat up newspaper employees

ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ’ਤੇ ਇਕ ਹੋਰ ਵਾਰ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਆਵਾਜ਼ ਦਬਾਉਣ ਲਈ ਉਨ੍ਹਾਂ ਦੀਆਂ ਪ੍ਰੈੱਸਾਂ ਅਤੇ ਹੋਰ ਅਦਾਰਿਆਂ ’ਤੇ ਹਮਲਾ ਬੋਲਿਆ ਹੋਇਆ ਹੈ।
ਇਸੇ ਲੜੀ ਤਹਿਤ ਅੱਜ ਸਮੂਹ ਦੀ ਬਠਿੰਡਾ ਪ੍ਰਿੰਟਿੰਗ ਪ੍ਰੈੱਸ ’ਚ ਰੇਡ ਮਾਰ ਕੇ ਕੁਝ ਕਰਮਚਾਰੀਆਂ ਨੂੰ ਪੁਲਸ ਵੱਲੋਂ ਹਿਰਾਸਤ ’ਚ ਲਿਆ ਗਿਆ ਅਤੇ ਕੁਝ ਕਰਮਚਾਰੀਆਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ, ਜੋ ਸਿਵਲ ਹਸਪਤਾਲ ਬਠਿੰਡਾ ’ਚ ਦਾਖ਼ਲ ਹਨ।
ਇਸੇ ਤਰ੍ਹਾਂ ਜਲੰਧਰ ਸਥਿਤ ਸੂਰਾਨੁੱਸੀ ਪ੍ਰਿੰਟਿੰਗ ਪ੍ਰੈੱਸ ’ਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਪੁਲਸ ਫੋਰਸ ਨਾਲ ਜ਼ਬਰਦਸਤੀ ਕੰਧ ਟੱਪ ਕੇ ਅੰਦਰ ਵੜੇ ਅਤੇ ਅਖ਼ਬਾਰ ਦੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਉੱਚ ਅਧਿਕਾਰੀਆਂ ਨੇ ਪੁਲਸ ਨਾਲ ਮਿਲ ਕੇ ਅੰਦਰੋਂ ਗੇਟ ਦਾ ਤਾਲਾ ਤੋੜਿਆ ਅਤੇ ਜ਼ਬਰਦਸਤੀ ਸੈਂਪਲ ਭਰੇ ਤੇ ਇਕ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਚਲੇ ਗਏ। ਇਹ ਸਾਰੇ ਅਧਿਕਾਰੀ ਬਿਨਾਂ ਨੋਟਿਸ ਅਤੇ ਬਿਨਾਂ ਕਿਸੇ ਸੂਚਨਾ ਦੇ ਪਹੁੰਚੇ ਸਨ ਅਤੇ ਬੋਲ ਰਹੇ ਸਨ ਕਿ ਉੱਪਰੋਂ ਹੁਕਮ ਹਨ। 
ਇਸ ਸਬੰਧੀ ਪੰਜਾਬ ਕੇਸਰੀ ਪ੍ਰਬੰਧਕਾਂ ਨੇ ਸਥਿਤੀ ਦੀ ਜਾਣਕਾਰੀ ਲਿਖਤੀ ਤੌਰ ’ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਹੈ, ਜਿਸ ’ਚ ਸਰਕਾਰ ਵੱਲੋਂ ਪ੍ਰੈੱਸ ’ਤੇ ਕੀਤੇ ਹਮਲਿਆਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਦਿੱਤੀ ਗਈ ਹੈ।
ਅਖ਼ਬਾਰ ਪ੍ਰਬੰਧਕਾਂ ਅਨੁਸਾਰ, “ਅਸੀਂ ਹਾਲ ਦੇ ਕੁਝ ਘਟਨਾਚੱਕਰਾਂ ਨੂੰ ਲੈ ਕੇ ਆਪਣੀ ਡੂੰਘੀ ਚਿੰਤਾ ਅਤੇ ਪੀੜਾ ਪ੍ਰਗਟ ਕਰਨ ਲਈ ਇਹ ਪੱਤਰ ਲਿਖ ਰਹੇ ਹਾਂ। ਇਨ੍ਹਾਂ ਘਟਨਾਵਾਂ ਨਾਲ ਇਹ ਗੰਭੀਰ ਖ਼ਦਸ਼ਾ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਇਕ ਵਿਉਂਤਬੱਧ ਮਕਸਦ ਤਹਿਤ ਪੰਜਾਬ ਕੇਸਰੀ ਸਮੂਹ ਅਤੇ ਉਸ ਨਾਲ ਜੁੜੇ ਅਦਾਰਿਆਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾ ਰਹੀ ਹੈ, ਜਿਸ ਦਾ ਮਕਸਦ ਪ੍ਰੈੱਸ ਨੂੰ ਡਰਾਉਣਾ ਅਤੇ ਦਬਾਅ ਹੇਠ ਲੈਣਾ ਜਾਪਦਾ ਹੈ।”
ਪੱਤਰ ’ਚ ਲਿਖਿਆ ਗਿਆ ਹੈ ਕਿ ਇਹ ਘਟਨਾਚੱਕਰ 31 ਅਕਤੂਬਰ, 2025 ਨੂੰ ਪ੍ਰਕਾਸ਼ਿਤ ਇਕ ਖ਼ਬਰ ਤੋਂ ਸ਼ੁਰੂ ਹੋਇਆ, ਜੋ ਪੰਜਾਬ ’ਚ ਸੱਤਾਧਾਰੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨਾਲ ਜੁੜੇ ਵਿਰੋਧੀ ਧਿਰ ਦੇ ਦੋਸ਼ਾਂ ’ਤੇ ਇਕ ਸੰਤੁਲਿਤ ਅਤੇ ਨਿਰਪੱਖ ਰਿਪੋਰਟ ਸੀ।
ਇਸ ਤੋਂ ਬਾਅਦ 2 ਨਵੰਬਰ, 2025 ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਸਮੂਹ ਨੂੰ ਦਿੱਤੇ ਜਾਣ ਵਾਲੇ ਸਾਰੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਪੰਜਾਬ ਕੇਸਰੀ ਸਮੂਹ ਪੰਜਾਬ ’ਚ ਸਭ ਤੋਂ ਵੱਧ ਪ੍ਰਸਾਰ ਵਾਲੇ ਹਿੰਦੀ ਅਤੇ ਪੰਜਾਬੀ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਿਤ ਕਰਦਾ ਹੈ। ਪ੍ਰੈੱਸ ’ਤੇ ਇਸ ਤਰ੍ਹਾਂ ਦੇ ਆਰਥਿਕ ਦਬਾਅ ਦੇ ਬਾਵਜੂਦ ਅਸੀਂ ਸੁਤੰਤਰ ਅਤੇ ਨਿਰਪੱਖ ਪੱਤਰਕਾਰੀ ਜਾਰੀ ਰੱਖੀ। ਹਾਲਾਂਕਿ, ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕੇਸਰੀ ਅਤੇ ਇਸ ਦੇ ਪ੍ਰਮੋਟਰਾਂ ਖ਼ਿਲਾਫ਼ ਲਗਾਤਾਰ ਇਕ ਮੁਹਿੰਮ ਚਲਾਈ ਜਾ ਰਹੀ ਹੈ।

ਤੁਹਾਡੇ ਧਿਆਨ ’ਚ ਲਿਆਉਣਾ ਜ਼ਰੂਰੀ ਹੈ ਕਿ ਹਾਲ ਦੇ ਦਿਨਾਂ ’ਚ ਪੰਜਾਬ ਕੇਸਰੀ ਸਮੂਹ ਦੇ ਪ੍ਰਮੋਟਰ ਚੋਪੜਾ ਪਰਿਵਾਰ ਵਿਰੁੱਧ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ :

10 ਜਨਵਰੀ, 2026 ਨੂੰ ਜਲੰਧਰ ਸਥਿਤ ਪਾਰਕ ਪਲਾਜ਼ਾ ਹੋਟਲ (ਚੋਪੜਾ  ਹੋਟਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸੰਚਾਲਿਤ) ’ਤੇ ਐੱਫ. ਐੱਸ. ਐੱਸ. ਏ. ਆਈ. ਦੀ  ਰੇਡ।
12 ਜਨਵਰੀ, 2026 ਨੂੰ ਚੋਪੜਾ ਹੋਟਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸੰਚਾਲਿਤ ਜਲੰਧਰ ਦੇ ਹੋਟਲ ’ਤੇ ਜੀ. ਐੱਸ. ਟੀ. ਵਿਭਾਗ ਦੀ ਰੇਡ।
12 ਜਨਵਰੀ, 2026 ਨੂੰ ਜਲੰਧਰ ਦੇ ਹੋਟਲ ’ਤੇ ਆਬਕਾਰੀ ਵਿਭਾਗ ਦੀ ਰੇਡ।
12 ਜਨਵਰੀ, 2026 ਨੂੰ ਲੁਧਿਆਣਾ ਫੋਕਲ ਪੁਆਇੰਟ ਸਥਿਤ ਪੰਜਾਬ ਕੇਸਰੀ ਦੀ ਪ੍ਰੈੱਸ ਜਗਤ ਵਿਜੇ ਪ੍ਰਿੰਟਰਜ਼ ’ਤੇ ਫੈਕਟਰੀ ਵਿਭਾਗ ਦੇ ਉਪ-ਨਿਰਦੇਸ਼ਕ ਅਤੇ ਲੇਬਰ ਵਿਭਾਗ ਦੇ ਸਹਾਇਕ  ਲੇਬਰ ਕਮਿਸ਼ਨਰ ਵੱਲੋਂ ਸਾਂਝੀ ਰੇਡ।
12 ਜਨਵਰੀ, 2026 ਨੂੰ ਜਲੰਧਰ ਸਿਵਲ  ਲਾਈਨਜ਼ ਸਥਿਤ ਪੰਜਾਬ ਕੇਸਰੀ ਪ੍ਰਿੰਟਿੰਗ ਪ੍ਰੈੱਸ ’ਤੇ ਫੈਕਟਰੀ ਵਿਭਾਗ ਦੇ ਉਪ-ਨਿਰਦੇਸ਼ਕ ਅਤੇ ਲੇਬਰ ਵਿਭਾਗ ਦੇ ਸਹਾਇਕ ਲੇਬਰ ਕਮਿਸ਼ਨਰ ਦੁਆਰਾ ਸਾਂਝੀ ਰੇਡ।
 13 ਜਨਵਰੀ, 2026 ਨੂੰ ਜਲੰਧਰ ਸਥਿਤ ਚੋਪੜਾ ਹੋਟਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸੰਚਾਲਿਤ ਹੋਟਲ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰੇਡ।
 13 ਜਨਵਰੀ, 2026 ਨੂੰ ਜਲੰਧਰ ਜ਼ੋਨ ਦੇ ਕਲੈਕਟਰ-ਕਮ-ਆਬਕਾਰੀ ਵਿਭਾਗ ਵੱਲੋਂ ਲਾਇਸੈਂਸ  ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਅਤੇ 14 ਜਨਵਰੀ, 2026 ਨੂੰ ਲਾਇਸੈਂਸ ਰੱਦ ਕਰ ਦਿੱਤੇ ਗਏ।
 14 ਜਨਵਰੀ, 2026 ਨੂੰ ਜਲੰਧਰ ਸਥਿਤ ਹੋਟਲ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ।
15 ਜਨਵਰੀ, 2026 ਨੂੰ ਜਲੰਧਰ ਸਥਿਤ ਚੋਪੜਾ ਹੋਟਲ ਦਾ ਜੈਨਰੇਟਰ ਸੀਲ ਕਰ ਕੇ ਬਿਜਲੀ ਸਪਲਾਈ ਠੱਪ ਕਰ ਦਿੱਤੀ ਗਈ।
 15 ਜਨਵਰੀ, 2026 ਨੂੰ ਲੁਧਿਆਣਾ, ਬਠਿੰਡਾ ਅਤੇ ਜਲੰਧਰ ਸਥਿਤ ਪ੍ਰਿੰਟਿੰਗ ਪ੍ਰੈੱਸਾਂ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੇਡ ਅਤੇ ਕਾਰਵਾਈ।
ਇਨ੍ਹਾਂ ਕਾਰਵਾਈਆਂ ਕਾਰਨ ਇਹ ਖ਼ਦਸ਼ਾ ਹੈ ਕਿ 15 ਜਨਵਰੀ, 2026 ਤੋਂ ਜਲੰਧਰ, ਲੁਧਿਆਣਾ  ਅਤੇ ਬਠਿੰਡਾ ਸਥਿਤ ਵੱਖ-ਵੱਖ ਪ੍ਰਿੰਟਿੰਗ ਪ੍ਰੈੱਸਾਂ ਦਾ ਸੰਚਾਲਨ ਪ੍ਰਭਾਵਿਤ ਜਾਂ ਪੂਰੀ  ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ। ਸੂਰਾਨੁੱਸੀ (ਜਲੰਧਰ), ਫੋਕਲ ਪੁਆਇੰਟ (ਲੁਧਿਆਣਾ)  ਅਤੇ ਆਈ. ਜੀ. ਸੀ. ਬਠਿੰਡਾ ਸਥਿਤ ਪ੍ਰੈੱਸ ਕੰਪਲੈਕਸਾਂ ਦੇ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ  ਕੀਤੀ ਗਈ ਹੈ।
 

ਜਿਵੇਂ ਕਿ ਤੁਸੀਂ ਜਾਣਦੇ ਹੋ, ਸਵਰਗੀ ਲਾਲਾ ਜਗਤ ਨਾਰਾਇਣ  ਜੀ ਨੇ ਸਾਲ 1949 ’ਚ ਹਿੰਦ ਸਮਾਚਾਰ ਦੀ ਸਥਾਪਨਾ ਕੀਤੀ ਸੀ ਅਤੇ ਪੰਜਾਬ ਕੇਸਰੀ ਦਾ ਪ੍ਰਕਾਸ਼ਨ 1965 ’ਚ ਸ਼ੁਰੂ ਹੋਇਆ। ਪ੍ਰੈੱਸ ਦੀ ਆਜ਼ਾਦੀ ਪ੍ਰਤੀ ਸਾਡੀ ਵਚਨਬੱਧਤਾ  ਜੱਗ-ਜ਼ਾਹਿਰ ਹੈ। ਸਵਰਗੀ ਲਾਲਾ ਜਗਤ ਨਾਰਾਇਣ, ਸਵਰਗੀ ਸ਼੍ਰੀ ਰਮੇਸ਼ ਚੰਦਰ ਚੋਪੜਾ ਸਮੇਤ  ਸਾਡੇ 60 ਤੋਂ ਵੱਧ ਕਰਮਚਾਰੀਆਂ, ਏਜੰਟਾਂ, ਹਾਕਰਾਂ ਅਤੇ ਪੱਤਰਕਾਰਾਂ ਨੇ ਪੰਜਾਬ ’ਚ  ਅੱਤਵਾਦ ਦੇ ਦੌਰ ਦੌਰਾਨ ਨਿਡਰ ਪੱਤਰਕਾਰੀ ਕਾਰਨ ਆਪਣੀਆਂ ਜਾਨਾਂ ਗੁਆਈਆਂ ਅਤੇ ਕਈ ਜ਼ਖਮੀ  ਹੋਏ। ਇਸ ਦੇ ਬਾਵਜੂਦ, ਅਖ਼ਬਾਰ ਨੇ ਕਦੇ ਦਬਾਅ ਅੱਗੇ ਗੋਡੇ ਨਹੀਂ ਟੇਕੇ ਅਤੇ ਅੱਗੇ ਵੀ  ਸੁਤੰਤਰ ਤੌਰ ’ਤੇ ਰਿਪੋਰਟਿੰਗ ਕਰਦਾ ਰਹੇਗਾ।
ਇਸ ਤਰ੍ਹਾਂ ਦੀ ਨਿਸ਼ਾਨਾ ਬਣਾ  ਕੇ ਕੀਤੀ ਗਈ ਕਾਰਵਾਈ, ਜਿਸ ’ਚ ਵੱਖ-ਵੱਖ ਵਿਭਾਗ ਪਹਿਲਾਂ ਤੋਂ ਨਿਰਧਾਰਿਤ ਇਰਾਦੇ ਨਾਲ  ਸਾਡੇ ਕੰਮਕਾਜ ਨੂੰ ਪ੍ਰਭਾਵਿਤ ਕਰ ਰਹੇ ਹਨ, ਸਪੱਸ਼ਟ ਤੌਰ ’ਤੇ ਡਰਾਉਣ-ਧਮਕਾਉਣ ਦੀ ਨੀਅਤ ਨਾਲ  ਕੀਤੀ ਗਈ ਹੈ।

ਵਿਰੋਧੀ ਪਾਰਟੀਆਂ ਨੇ ਕਿਹਾ-

ਪੰਜਾਬ ’ਚ ਅਣਐਲਾਨੀ ਐਮਰਜੈਂਸੀ
ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਹੋਰ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਖ਼ਤ ਆਲੋਚਨਾ ਕੀਤੀ ਹੈ। ਿਵਰੋਧੀ ਪਾਰਟੀਆਂ ਨੇ ਇਸ ਕਾਰਵਾਈ ਨੂੰ ਪੰਜਾਬ ’ਚ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ।

ਪ੍ਰੈੱਸ ਦੀ ਆਜ਼ਾਦੀ ਲਈ ਹਰ ਕਦਮ ਚੁੱਕਾਂਗੇ : ਚੁੱਘ
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ‘ਆਪ’ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਲਈ ਉਹ ਹਰ ਸੰਭਵ ਕਦਮ ਚੁੱਕਣਗੇ।

ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ : ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਇਸ ਤਾਨਾਸ਼ਾਹੀ ਰੁਝਾਨ ਨੂੰ ਲੈ ਕੇ ਛੇਤੀ ਹੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ।

ਸਰਕਾਰ ਨੇ ਸਾਰੇ ਹੱਦਾਂ-ਬੰਨੇ ਟੱਪੇ : ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਸਰਕਾਰ ਨੇ ਸਾਰੇ ਹੱਦ- ਬੰਨਿਆਂ ਨੂੰ ਤੋੜ ਦਿੱਤਾ ਹੈ ਅਤੇ ਪੰਜਾਬ ਕੇਸਰੀ ਪ੍ਰੈੱਸ ’ਤੇ ਹਮਲਾ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਦਾ ਪ੍ਰੈੱਸ ਦੀ ਆਜ਼ਾਦੀ ’ਚ ਕੋਈ ਭਰੋਸਾ ਨਹੀਂ ਹੈ। 

ਪੰਜਾਬ ਤੇ ਦੇਸ਼ ਲਈ ਦੁੱਖਦਾਈ ਦਿਨ : ਨਰੇਸ਼ ਗੁਜਰਾਲ
ਸੀਨੀਅਰ ਨੇਤਾ ਨਰੇਸ਼ ਗੁਜਰਾਲ ਨੇ ਕਿਹਾ ਹੈ ਕਿ ਇਹ ਪੰਜਾਬ ਅਤੇ ਦੇਸ਼ ਲਈ ਦੁਖਦਾਈ ਦਿਨ ਹੈ। ਹਾਲਾਂਕਿ, ਇਤਿਹਾਸ ਗਵਾਹ ਹੈ ਕਿ ਤਾਨਾਸ਼ਾਹੀ ਸਰਕਾਰਾਂ ਨੂੰ ਅਖੀਰ ’ਚ ਆਪਣੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ। ਸੁਤੰਤਰ ਪ੍ਰੈੱਸ ਅਤੇ ਨਿਆਂਪਾਲਿਕਾ ਲੋਕਤੰਤਰ ਦੇ 2 ਸਭ ਤੋਂ ਅਹਿਮ ਥੰਮ੍ਹ ਹਨ। ਜੋ ਵੀ ਇਨ੍ਹਾਂ ’ਤੇ ਹਮਲਾ ਕਰਦਾ ਹੈ, ਉਹ ਆਪਣੀ ਹੀ ਕਬਰ ਖੋਦਦਾ ਹੈ। ਇਸ ਨਾਜ਼ੁਕ ਘੜੀ ’ਚ ਮੈਂ ਹਿੰਦ ਸਮਾਚਾਰ ਸਮੂਹ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹਾਂ।

ਪੰਜਾਬ ਸਰਕਾਰ ਦੀ ਕਾਰਵਾਈ ਨਿੰਦਣਯੋਗ : ਸੁੱਖੂ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਪੰਜਾਬ ਕੇਸਰੀ ਗਰੁੱਪ ’ਤੇ ਪੰਜਾਬ ਸਰਕਾਰ ਦੀ ਕਾਰਵਾਈ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਡਰਾਉਣਾ ਆਮ ਜਨਤਾ ਦੀ ਆਵਾਜ਼ ਨੂੰ ਦਬਾਉਣ ਦੇ ਬਰਾਬਰ ਹੈ। ਉਹ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਦੀ ਨਿੰਦਾ ਕਰਦੇ ਹਨ, ਜਿਸ ਨਾਲ ਪ੍ਰੈੱਸ ਦੀ ਆਜ਼ਾਦੀ ਨੂੰ ਸੱਟ ਵੱਜੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਹੈ, ਉਹ ਕਿਸੇ ਵੀ ਸਥਿਤੀ ਵਿਚ ਜਾਇਜ਼ ਨਹੀਂ ਹੈ।

ਐਮਰਜੈਂਸੀ ਵਰਗੀ ਸੋਚ ਅਤੇ ਹੰਕਾਰ  ਮੰਨਣਯੋਗ ਨਹੀਂ : ਜੈਰਾਮ ਠਾਕੁਰ
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਿਕ ਦੇਸ਼ ਵਿਚ ਨਾ ਤਾਂ ਐਮਰਜੈਂਸੀ ਵਰਗੀ ਸੋਚ ਮੰਨਣਯੋਗ ਹੈ ਅਤੇ ਨਾ ਹੀ ਸੱਤਾ ਦਾ ਹੰਕਾਰ। ਲੋਕਤੰਤਰ ਦੀ ਰੱਖਿਆ ਲਈ ਹਰ ਪੱਧਰ ’ਤੇ ਅਜਿਹੀਆਂ ਘਾਣਕਾਰੀ ਰੁਚੀਆਂ ਦਾ ਵਿਰੋਧ ਕੀਤਾ ਜਾਵੇਗਾ।

ਕੀ ਇਹੀ ਉਨ੍ਹਾਂ ਦਾ ‘ਰੰਗਲਾ ਪੰਜਾਬ’ ਹੈ : ਸਿਰਸਾ
ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ’ਚ ਜੋ ਹੋ ਰਿਹਾ ਹੈ, ਉਹ ‘ਬਦਲਾਅ’ ਨਹੀਂ ਸਗੋਂ ‘ਬਦਲਾ’ ਹੈ। ਅੱਜ ਪੰਜਾਬ ਪ੍ਰੈੱਸ ਦੀ ਆਜ਼ਾਦੀ ’ਤੇ ਇਕ ਵਿਉਂਤਬੱਧ ਹਮਲਾ ਦੇਖ ਰਿਹਾ ਹੈ ਅਤੇ ਇਹ ਸਭ ‘ਸੁਪਰ ਸੀ. ਐੱਮ.’ ਕੇਜਰੀਵਾਲ ਦੇ ਹੁਕਮ ਅਤੇ ਕੰਟਰੋਲ ਹੇਠ ਕੀਤਾ ਜਾ ਰਿਹਾ ਹੈ। ਮੈਂ  ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਦਾ ਹਾਂ- ਕੀ ਇਹੀ ਉਨ੍ਹਾਂ ਦਾ ‘ਰੰਗਲਾ ਪੰਜਾਬ’ ਹੈ?

ਭਾਜਪਾ ਦਾ ਵਫਦ ਰਾਜਪਾਲ ਨੂੰ ਮਿਲੇਗਾ : ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਪੱਤਰਕਾਰਾਂ ’ਤੇ ਪਰਚੇ ਕੀਤੇ, ਹੁਣ ਪੰਜਾਬ ਕੇਸਰੀ ਵਰਗੇ ਪ੍ਰਸਿੱਧ ਮੀਡੀਆ ਅਦਾਰੇ ਦੇ ਜਲੰਧਰ ਅਤੇ ਬਠਿੰਡਾ ਦੀਆਂ ਪ੍ਰੈੱਸਾਂ ’ਤੇ ਪੁਲਸ ਭੇਜ ਕੇ ਗੁੰਡਾਗਰਦੀ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਸਰਕਾਰ ਸਾਰੀਆਂ ਲੋਕਤੰਤਰੀ ਮਰਿਆਦਾਵਾਂ ਨੂੰ ਭੁੱਲ ਚੁੱਕੀ ਹੈ। ਉਨ੍ਹਾਂ ਨੇ ਮੀਡੀਆ ਦੀ ਆਜ਼ਾਦੀ ’ਤੇ ਇਸ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਇਸ ਸਬੰਧੀ ਭਾਜਪਾ ਦਾ ਇਕ ਵਫ਼ਦ 17 ਜਨਵਰੀ ਨੂੰ ਰਾਜਪਾਲ ਨਾਲ ਮੁਲਾਕਾਤ ਕਰੇਗਾ।

ਪੰਜਾਬ ਕੇਸਰੀ ’ਤੇ ਛਾਪੇ ਤਾਨਾਸ਼ਾਹੀ ਮਾਨਸਿਕਤਾ : ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਤਵਾਦ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਏਕਤਾ ਲਈ ਸ਼ਹੀਦ ਹੋਏ ਲਾਲਾ ਜਗਤ ਨਾਰਾਇਣ ਜੀ ਵੱਲੋਂ ਸ਼ੁਰੂ ਕੀਤੇ ਗਏ ਪੰਜਾਬ ਕੇਸਰੀ ਵਰਗੇ ਮੀਡੀਆ ਅਦਾਰੇ ਅਤੇ ਉਸ ਨਾਲ ਜੁੜੇ ਵਪਾਰਕ ਅਦਾਰਿਆਂ ’ਤੇ ਪੰਜਾਬ ਪੁਲਸ ਅਤੇ ਵਿਭਾਗੀ ਛਾਪੇ ਮਾਰਨਾ ਲੋਕਤੰਤਰ ’ਤੇ ਸਿੱਧਾ ਹਮਲਾ ਹੈ ਅਤੇ ‘ਆਪ’ ਪਾਰਟੀ ਦੀ ਤਾਨਾਸ਼ਾਹੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਜਦੋਂ-ਜਦੋਂ ਆਮ ਆਦਮੀ ਪਾਰਟੀ ਡਰਦੀ ਹੈ, ਉਹ ਪੱਤਰਕਾਰਾਂ ਅਤੇ ਮੀਡੀਆ ’ਤੇ ਹਮਲੇ ਕਰਦੀ ਹੈ।

ਲੋਕਤੰਤਰ ਵਿਚ ਮੀਡੀਆ ’ਤੇ ਹਮਲਾ ਸਵੀਕਾਰਯੋਗ ਨਹੀਂ : ਬਿੱਟੂ
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਵੱਲੋਂ ਪੰਜਾਬ ਕੇਸਰੀ ਸਮੂਹ ’ਤੇ ਕੀਤੇ ਗਏ ਸਿੱਧੇ ਹਮਲੇ ਦੀ ਤਿੱਖੀ ਨਿੰਦਾ ਕਰਦਾ ਹਾਂ। ਪ੍ਰੈੱਸ ਨੂੰ ਡਰਾਉਣ ਦੀ ਇਹ ਖੁੱਲ੍ਹੀ ਕੋਸ਼ਿਸ਼ ਪੰਜਾਬ ਵਿਚ ‘ਆਪ’ ਸਰਕਾਰ ਵੱਲੋਂ ਲਾਈ ਗਈ ਅਣ-ਐਲਾਨੀ ਐਮਰਜੈਂਸੀ ਦੇ ਬਰਾਬਰ ਹੈ। ਮੀਡੀਆ ਦੀ ਆਜ਼ਾਦੀ ’ਤੇ ਇਸ ਤਰ੍ਹਾਂ ਦੇ ਹਮਲੇ ਲੋਕਤੰਤਰ ਵਿਚ ਸਵੀਕਾਰਯੋਗ ਨਹੀਂ ਹਨ।

Back to top button