
ਸੁਲਤਾਨਪੁਰ ਦੀ ਅਦਾਲਤ ਨੇ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਅਨੂਪ ਸੈਂਡਾ ਸਣੇ ਛੇ ਵਿਅਕਤੀਆਂ ਨੂੰ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਾਰਿਆਂ ਨੂੰ 1500-1500 ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਐੱਮਪੀ-ਐੱਮਐੱਲਏ ਅਦਾਲਤ ਨੇ 2001 ‘ਚ ਦਰਜ ਕੇਸ ‘ਚ ਸਜ਼ਾ ਦਾ ਐਲਾਨ ਕੀਤਾ ਹੈ।
ਪੁਲੀਸ ਮੁਤਾਬਕ ਲੋਕਾਂ ਨੇ 21 ਸਾਲ ਪਹਿਲਾਂ ਉੱਤਰ ਪ੍ਰਦੇਸ਼ ‘ਚ ਰਾਜਨਾਥ ਸਿੰਘ ਦੀ ਅਗਵਾਈ ਹੇਠਲੀ ਤਤਕਾਲੀ ਭਾਜਪਾ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰਦਿਆਂ ਸੜਕ ਜਾਮ ਕਰ ਦਿੱਤੀ ਸੀ। ਇਹ ਪ੍ਰਦਰਸ਼ਨ ਸੁਲਤਾਨਪੁਰ ਸ਼ਹਿਰ ‘ਚ ਬਿਜਲੀ ਕੱਟਾਂ ਅਤੇ ਪਾਣੀ ਦੀ ਢੁੱਕਵੀਂ ਸਪਲਾਈ ਨਾ ਹੋਣ ਦੇ ਰੋਸ ਵਜੋਂ ਕੀਤਾ ਗਿਆ ਸੀ। ਸਰਕਾਰੀ ਵਕੀਲ ਵੈਭਵ ਪਾਂਡੇ ਨੇ ਦੱਸਿਆ ਕਿ ਸੜਕ ਜਾਮ ਕਰਨ ਅਤੇ ਪ੍ਰਦਰਸ਼ਨਾਂ ਲਈ ਪੁਲੀਸ ਨੇ ਸੰਜੈ ਸਿੰਘ, ਅਨੂਪ ਸੈਂਡਾ, ਵਿਜੈ ਕੁਮਾਰ, ਕਮਲ ਸ੍ਰੀਵਾਸਤਵ, ਸੰਤੋਸ਼ ਕੁਮਾਰ ਅਤੇ ਸੁਭਾਸ਼ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਫ਼ੈਸਲਾ ਸੁਣਾਉਣ ਸਮੇਂ ਸੰਜੈ ਸਿੰਘ ਅਦਾਲਤ ‘ਚ ਹਾਜ਼ਰ ਸਨ।