ਉੱਤਰ ਪ੍ਰਦੇਸ਼ ਵਿਧਾਨ ਸਭਾ ਨੇ ਕਰੀਬ ਦੋ ਦਹਾਕੇ ਪੁਰਾਣੇ ਇਕ ਕੇਸ ‘ਚ ਤਤਕਾਲੀ ਵਿਧਾਇਕ ਸਲਿਲ ਵਿਸ਼ਨੋਈ ਵੱਲੋਂ ਦਿੱਤੇ ਗਏ ਮਰਿਆਦਾ ਨੋਟਿਸ ਦੀ ਉਲੰਘਣਾ ਦੇ ਸਬੰਧ ‘ਚ ਅੱਜ ਇਤਿਹਾਸਕ ਫ਼ੈਸਲਾ ਲੈਂਦਿਆਂ ਛੇ ਪੁਲੀਸ ਮੁਲਾਜ਼ਮਾਂ ਨੂੰ ਇਕ ਦਿਨ ਲਈ ਹਿਰਾਸਤ ‘ਚ ਭੇਜ ਦਿੱਤਾ ਹੈ। ਮਰਿਆਦਾ ਨੋਟਿਸ ਦੀ ਉਲੰਘਣਾ ਦਾ ਮਾਮਲਾ ਸਾਲ 2004 ਦਾ ਹੈ।
ਜ਼ਿਕਰਯੋਗ ਹੈ ਕਿ 15 ਸਤੰਬਰ, 2004 ਨੂੰ ਵਿਸ਼ਨੋਈ ਕਾਨਪੁਰ ‘ਚ ਲੱਗਦੇ ਬਿਜਲੀ ਕੱਟਾਂ ਖ਼ਿਲਾਫ਼ ਜ਼ਿਲ੍ਹਾ ਮੈਜਿਸਟਰੇਟ ਨੂੰ ਮੈਮੋਰੈਂਡਮ ਸੌਂਪਣ ਲਈ ਵਫ਼ਦ ਦੀ ਅਗਵਾਈ ਕਰ ਰਹੇ ਸਨ ਤਾਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਸੀ। ਵਿਧਾਨ ਸਭਾ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਤਬਦੀਲ ਕੀਤਾ ਗਿਆ ਸੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਖੰਨਾ ਨੇ ਛੇ ਪੁਲੀਸ ਮੁਲਾਜ਼ਮਾਂ ਨੂੰ ਇਕ ਦਿਨ (ਅੱਧੀ ਰਾਤ 12 ਵਜੇ ਤੱਕ) ਹਿਰਾਸਤ ‘ਚ ਰੱਖਣ ਦਾ ਮਤਾ ਪੇਸ਼ ਕੀਤਾ। ਸਪੀਕਰ ਸਤੀਸ਼ ਮਹਾਨਾ ਨੇ ਫ਼ੈਸਲੇ ਦਾ ਐਲਾਨ ਕੀਤਾ। ਮਹਾਨਾ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੂੰ ਵਿਧਾਨ ਸਭਾ ਦੀ ਇਮਾਰਤ ਦੇ ਇਕ ਕਮਰੇ ‘ਚ ਅੱਧੀ ਰਾਤ ਤੱਕ ਰੱਖਿਆ ਜਾਵੇਗਾ ਅਤੇ ਉਨ੍ਹਾਂ ਲਈ ਭੋਜਨ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।