ਇਨਸਾਨੀਅਤ ਦੀ ਮਿਸਾਲ: 7 ਧੀਆਂ ਦੇ ਮਾਪਿਆਂ ਦੀ ਸੜਕ ਹਾਦਸੇ ‘ਚ ਮੌਤ, ਲੋਕਾਂ ਨੇ 50 ਘੰਟਿਆਂ ਚ 2 ਕਰੋੜ ਇਕੱਠੇ ਕਰਕੇ ਕੀਤੀ ਮਦਦ
ਸੜਕ ਹਾਦਸੇ ‘ਚ ਸੱਤ ਧੀਆਂ ਦੇ ਮਾਤਾ-ਪਿਤਾ ਦੀ ਮੌਤ ਅਤੇ ਇਕਲੌਤਾ ਭਰਾ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਧੀਆਂ ਦੇ ਰੋਣ ਕੁਰਲਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਸਮਾਜ ਨੇ ਇਨਸਾਨੀਅਤ ਦੀ ਮਿਸਾਲ ਪੈਦਾ ਕਰ ਦਿੱਤੀ।
50 ਘੰਟਿਆਂ ਦੇ ਅੰਦਰ-ਅੰਦਰ ਅਨਾਥ ਧੀਆਂ ਦੀ ਮਦਦ ਲਈ ਲੋਕਾਂ ਨੇ 2 ਕਰੋੜ ਰੁਪਏ ਇਕੱਠੇ ਕੀਤੇ। ਇਹ ਰਕਮ ਵੱਡੀ ਧੀ ਦੇ ਬੈਂਕ ਖਾਤੇ ਵਿਚ ਜਮ੍ਹਾਂ ਹੋ ਗਈ ਹੈ। ਹੋਇਆ ਇੰਝ ਕਿ ਗੁਡਾਮਲਾਨੀ ਦੇ ਮਾਲਪੁਰਾ ਦਾ ਰਹਿਣ ਵਾਲਾ ਕਿਸਾਨ ਖੇਤਾਰਾਮ ਭੀਲ ਅਤੇ ਉਸ ਦੀ ਪਤਨੀ ਕੋਕੁਦੇਵੀ ਆਪਣੀ ਵੱਡੀ ਬੇਟੀ ਦੇ ਸ਼ਗਨ ਲਈ ਐਤਵਾਰ ਸ਼ਾਮ ਸਿੰਧੜੀ ਆਏ ਹੋਏ ਸਨ।
ਦੋਵੇਂ ਪਤੀ ਪਤਨੀ ਬੱਸ ਤੋਂ ਹੇਠਾਂ ਉੱਤਰ ਕੇ ਪੈਦਲ ਜਾ ਰਹੇ ਸਨ ਤਾਂ ਇੱਕ ਬੋਲੈਰੋ ਨੇ 6 ਲੋਕਾਂ ਨੂੰ ਕੁਚਲ ਦਿੱਤਾ। ਇਸ ‘ਚ ਖੇਤਾਰਾਮ ਪਤਨੀ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਖੇਤਾਰਾਮ ਦਾ 4 ਸਾਲ ਦਾ ਇਕਲੌਤਾ ਪੁੱਤਰ ਜਸਰਾਜ ਜ਼ਖਮੀ ਹੋ ਗਿਆ। ਉਹ ਜੋਧਪੁਰ ਦੇ ਹਸਪਤਾਲ ਵਿਚ ਮੌਤ ਨਾਲ ਜੂਝ ਰਿਹਾ ਹੈ। ਹਾਦਸੇ ਦਾ ਪਤਾ ਲੱਗਦਿਆਂ ਹੀ ਘਰ ਵਿਚ ਧੀਆਂ ਬੇਹੋਸ਼ ਹੋ ਗਈਆਂ। ਜਦੋਂ ਇਨ੍ਹਾਂ ਗਰੀਬ ਧੀਆਂ ਦੇ ਰੋਂਦੇ ਹੋਏ ਅਤੇ ਉਨ੍ਹਾਂ ਦੇ ਇਕਲੌਤੇ ਭਰਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਅਨਾਥਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।
ਲੋਕਾਂ ਨੇ 25 ਲੱਖ ਰੁਪਏ ਵੱਖ-ਵੱਖ ਸੰਸਥਾਵਾਂ ਤੋਂ ਇਕੱਠੇ ਕੀਤੇ ਜਦਕਿ ਬਾਕੀ ਦੇ ਪੈਸੇ ਆਨਲਾਈਨ ਇਕੱਠੇ ਕੀਤੇ।
– ਮੰਗਲਵਾਰ ਸ਼ਾਮ 6 ਵਜੇ ਲੋਕਾਂ ਨੇ ਮਦਦ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ
– ਵੱਡੀ ਬੇਟੀ ਦੇ ਖਾਤੇ ‘ਚ ਹਰ ਘੰਟੇ 3 ਲੱਖ ਰੁਪਏ ਜਮ੍ਹਾ ਹੋਏ
– 50 ਘੰਟਿਆਂ ਵਿਚ ਯਾਨੀ ਵੀਰਵਾਰ ਰਾਤ 11 ਵਜੇ ਤੱਕ ਖਾਤੇ ਵਿਚ 2 ਕਰੋੜ ਰੁਪਏ ਆ ਗਏ ਸਨ।