
ਕਸਬਾ ਦਾਤਾਰਪੁਰ ਨਜ਼ਦੀਕ ਲੰਘੀ ਦੇਰ ਰਾਤ ਹਥਿਆਰਾਂ ਨਾਲ ਲੈਸ ਅਣਪਛਾਤੇ ਨੌਜਵਾਨ ਸ਼ਰਾਬ ਦੇ ਠੇਕੇ ’ਤੇ ਗੋਲੀਬਾਰੀ ਕਰ ਨਗ਼ਦੀ ਲੈ ਕੇ ਫਰਾਰ ਹੋ ਗਏ। ਘਟਨਾਂ ਭਡਿਆਰਾਂ ਦੀਆਂ ਕੁਡ਼੍ਹਾਂ ਦੇ ਅੱਡੇ ਵਿਖੇ ਸਥਿਤ ਸ਼ਰਾਬ ਦੇ ਠੇਕੇ ਦੀ ਹੈ। ਦੇਰ ਰਾਤ ਕਰੀਬ ਪੌਣੇ ਦਸ ਤੇ ਦਸ ਵਜੇ ਦਰਮਿਆਨ ਇੱਕ ਸਵਿਫ਼ਟ ਕਾਰ ’ਚ ਸਵਾਰ ਤਿੰਨ ਵਿਅਕਤੀ ਸ਼ਰਾਬ ਦੇ ਠੇਕੇ ’ਤੇ ਆਏ, ਅਤੇ ਇੱਕ ਵਿਅਕਤੀ ਨੇ ਹਵਾਈ ਫਾਇਰ ਕੀਤਾ। ਉਪਰੰਤ ਠੇਕੇ ਅੰਦਰ ਬੈਠੇ ਸੇਲਜ਼ਮੈਨ ਤੋਂ ਨਗ਼ਦੀ ਖੋਹ ਕੇ ਫਰਾਰ ਹੋ ਗਏ। ਸੇਲਜ਼ਮੈਨ ਦੇ ਦੱਸਣ ਮੁਤਾਬਕ ਹਮਲਾਵਰ ਇੱਕ ਲੱਖ ਰੁਪਏ ਦੇ ਕਰੀਬ ਨਗ਼ਦੀ ਅਤੇ 6 – 7 ਬੋਤਲਾਂ ਸ਼ਰਾਬ ਦੀਆਂ ਆਪਣੇ ਨਾਲ ਲੈ ਗਏ ਹਨ। ਵਾਰਦਾਤ ਦੀ ਜਾਣਕਾਰੀ ਮਿਲਣ ਉਪਰੰਤ ਮੌਕੇ ’ਤੇ ਪੁੱਜੇ ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਘਟਨਾਂ ਦਾ ਜਾਇਜ਼ਾ ਲਿਆ।
ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਸੇਲਜ਼ਮੈਨ ਮੁਨੀਸ਼ ਕੁਮਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।