ਪਾਕਿਸਤਾਨੀ ਪੰਜਾਬ ਵਿਚ ਹਵਾ ਪ੍ਰਦੂਸ਼ਣ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਡਾਨ ਦੇ ਅਨੁਸਾਰ ਸ਼ੁੱਕਰਵਾਰ ਸਵੇਰੇ ਮੁਲਤਾਨ ਸ਼ਹਿਰ ਵਿੱਚ ਹਵਾ ਗੁਣਵੱਤਾ ਸੂਚਕਾਂਕ ਰੀਡਿੰਗ 2000 ਨੂੰ ਪਾਰ ਕਰ ਗਿਆ।
ਪਾਕਿਸਤਾਨ ਪੰਜਾਬ ਦੀ ਸਰਕਾਰ ਹਾਈ ਅਲਰਟ ਉਤੇ ਹੈ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਕਈ ਉਪਾਅ ਲਾਗੂ ਕਰ ਰਹੀ ਹੈ। ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਰਿਕਾਰਡ ਪੱਧਰ ਤੱਕ ਵਿਗੜ ਜਾਣ ਕਾਰਨ ਰਾਜ ਨੇ ਪਾਰਕਾਂ ਅਤੇ ਅਜਾਇਬ ਘਰ 17 ਨਵੰਬਰ ਤੱਕ ਬੰਦ ਕਰ ਦਿੱਤੇ ਹਨ। ਡਾਨ ਦੇ ਅਨੁਸਾਰ, ਪਾਕਿਸਤਾਨ ਦੇ ਦੱਖਣੀ ਪੰਜਾਬ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਮੁਲਤਾਨ ਨੇ ਸਵਿਸ ਏਅਰ ਕੁਆਲਿਟੀ ਮਾਨੀਟਰ IQAir ਦੇ ਅਨੁਸਾਰ, ਸਵੇਰੇ 8 ਵਜੇ ਤੋਂ ਸਵੇਰੇ 9 ਵਜੇ ਦੇ ਵਿਚਕਾਰ 2,135 ਦੀ ਹਵਾ ਗੁਣਵੱਤਾ ਸੂਚਕਾਂਕ (AQI) ਰੀਡਿੰਗ ਰਿਕਾਰਡ ਕੀਤੀ।
ਪਾਕਿਸਤਾਨੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਹਵਾ ਜ਼ਹਿਰੀਲੇ ਪੱਧਰ ਤੱਕ ਪਹੁੰਚਣ ਕਾਰਨ ਉੱਥੇ ਤਾਲਾਬੰਦੀ ਦੀ ਨੌਬਤ ਆ ਗਈ ਹੈ। ਸੂਬੇ ਦੇ ਕਈ ਸ਼ਹਿਰਾਂ ’ਚ ਅੱਜ ਵੀ ਧੁੰਦ ਛਾਈ ਰਹੀ ਜਿਸ ਕਾਰਨ ਆਵਾਜਾਈ ਵਿਚ ਬੁਰੀ ਤਰ੍ਹਾਂ ਵਿਘਨ ਪਿਆ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਖਬਰ ਮੁਤਾਬਕ ਲਾਹੌਰ ਹਾਲੇ ਵੀ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਹੈ ਅਤੇ ਸੰਘਣੀ ਧੁੰਦ ਤੋਂ ਰਾਹਤ ਦਾ ਫਿਲਹਾਲ ਕੋਈ ਸੰਕੇਤ ਨਹੀਂ ਹੈ।