ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਕਾਫੀ ਐਕਟੀਵ ਨਜ਼ਰ ਆ ਰਹੇ ਹਨ। ਸੀਐਮ ਮਾਨ ਸੂਬੇ ਦੇ ਵਲੰਟੀਆਰਾਂ ਨਾਲ ਗਰਾਊਂਡ ‘ਤੇ ਜਾ ਕੇ ਮੁਲਾਕਾਤ ਕਰ ਰਹੇ ਹਨ। ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਵੱਲੋਂ ਆਮ ਆਦਮੀ ਪਾਰਟੀ ਛੱਢ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੂਬੇ ਦੇ ਵਲੰਟੀਅਰਾਂ ਵਿੱਚ ਕਾਫੀ ਗੁਸਾ ਹੈ। ਮੁੱਖ ਮੰਤਰੀ ਮਾਨ ਵੱਲੋਂ ਹੁਣ ਸੂਬੇ ਦੀ ਜ਼ਿੰਮੇਵਾਰੀ ਖੁਦ ਸੰਭਾਲ ਲਈ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਲੰਟੀਅਰਾਂ ਨੂੰ ਇਕੱਠਾ ਕਰਨਾ ਪਵੇਗਾ, ਤਾਂ ਹੀ 13-0 ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਲੰਟੀਅਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਆਪਣੇ ਵਰਕਰਾਂ ਨੂੰ ਜਾਣਦੀ ਹੈ। ਇਹ ਉਹ ਪਾਰਟੀ ਹੈ ਜੋ ਸਬਜ਼ੀ ਵੇਚਣ ਵਾਲੇ ਨੂੰ ਵੀ ਚੇਅਰਮੈਨ ਬਣਾਉਂਦੀ ਹੈ। ਉਸ ਦੀ ਨਜ਼ਰ ਹਰ ਕੰਮ ਕਰਨ ਵਾਲੇ ਪਾਰਟੀ ਵਰਕਰ ‘ਤੇ ਹੈ।
ਮੁੱਖ ਮੰਤਰੀ ਮਾਨ ਨੇ ਸਾਰੇ ਪਾਰਟੀ ਵਰਕਰਾਂ ਨੂੰ 1 ਜੂਨ ਤੱਕ ਇਕੱਠੇ ਹੋ ਕੇ ਕੰਮ ਕਰਨ ਲਈ ਕਿਹਾ ਗਿਆ ਹੈ। ਅਖੀਰ ਵਿੱਚ ਸੀ.ਐਮ ਮਾਨ ਨੇ ਇਸ ਵਾਰ 13-0 ਨਾਲ ਪੰਜਾਬ ਬਣੇਗਾ ਹੀਰੋ ਦੇ ਨਾਅਰੇ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਗਾ ਪਹੁੰਚੇ ਸੰਦੀਪ ਪਾਠਕ ਨੇ ਵਲੰਟੀਅਰਾਂ ਨੂੰ 7 ਅਪ੍ਰੈਲ ਦਿਨ ਐਤਵਾਰ ਨੂੰ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ ਹੈ। ਸੰਦੀਪ ਪਾਠਕ ਨੇ ਵਲੰਟੀਅਰਾਂ ਨੂੰ ਕਿਹਾ ਕਿ ਉਹ ਦੋ ਮਹੀਨੇ ਸਾਰੇ ਮਤਭੇਦ ਭੁਲਾ ਕੇ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਲੋਕ ਸਭਾ ਵਿੱਚ ਵੀ ਕੰਮ ਕਰਨ ਤਾਂ ਜੋ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਰਜ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਲੰਟੀਅਰਾਂ ਦੀ ਮਦਦ ਨਾਲ ਸੱਤਾ ਵਿੱਚ ਆਈ ਸੀ, ਉਸੇ ਤਰ੍ਹਾਂ ਹੁਣ ਮੁੱਖ ਮੰਤਰੀ ਮਾਨ ਇੱਕ ਵਾਰ ਫਿਰ ਵਲੰਟੀਅਰਾਂ ਵਿੱਚ ਉਹੀ ਜੋਸ਼ ਭਰਨ ਲਈ ਗਰਾਉਂਡ ‘ਤੇ ਉੱਤਰੇ ਹਨ। ਉਨ੍ਹਾਂ ਨੇ ਕਿਹਾ ਇਸ ਵਾਰ ਅਸੀਂ 13-0 ਨਾਲ ਜਿੱਤ ਦਰਜ ਕਰਾਂਗੇ ।