ਕਪੂਰਥਲਾ ‘ਚ ਇਕ ਕੁੜੀ ਵੱਲੋਂ ਇਲੈਕਟ੍ਰਾਨਿਕ ਕੰਡੇ ‘ਤੇ ਸ਼ਰੇਆਮ ਤੋਲ ਕੇ ਨਸ਼ੇ ਦੀਆਂ ਪੁੜੀਆਂ ਬਣਾਉਣ ਅਤੇ ਵੇਚਣ ਦੀ ਵੀਡੀਓ ਵਾਇਰਲ ਹੋਈ ਹੈ।
ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਲੜਕੀ ਦੀ ਪਛਾਣ ਕਰਕੇ ਉਸ ਦੇ ਭਰਾ ਅਤੇ ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਡੀਐਸਪੀ ਭੁਲੱਥ ਭਾਰਤ ਭੂਸ਼ਨ ਨੇ ਲੜਕੀ ਦੇ ਭਰਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਸੀ ਕੋਲੋਂ 10 ਗ੍ਰਾਮ ਹੈਰੋਇਨ ਅਤੇ ਇੱਕ ਐਕਟਿਵਾ ਬਰਾਮਦ ਹੋਈ ਹੈ। ਦੋਸ਼ੀ ਮਾਂ-ਧੀ ਦੀ ਭਾਲ ਕੀਤੀ ਜਾ ਰਹੀ ਹੈ।
ਡੀਐਸਪੀ ਭੁਲੱਥ ਭਾਰਤ ਭੂਸ਼ਨ ਮੁਤਾਬਕ ਸੁਭਾਨਪੁਰ ਦੇ ਐਸਆਈ ਬਲਜੀਤ ਸਿੰਘ ਬਾਦਸ਼ਾਹਪੁਰ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਖਬਰ ਖਾਸ ਨੇ ਇਕ ਵਾਇਰਲ ਵੀਡੀਓ ਭੇਜੀ, ਜਿਸ ਵਿਚ ਇਕ ਲੜਕੀ ਇਲੈਕਟ੍ਰਾਨਿਕ ਕੰਡੇ ‘ਤੇ ਨਸ਼ੀਲੀਆਂ ਗੋਲੀਆਂ ਬਣਾਉਂਦੀ ਦਿਖਾਈ ਦੇ ਰਹੀ ਹੈ। ਵਾਇਰਲ ਵੀਡੀਓ ਦੇ ਆਧਾਰ ‘ਤੇ ਲੜਕੀ ਦੀ ਪਛਾਣ ਹੋਈ ਹੈ।
ਜਾਂਚ ਤੋਂ ਬਾਅਦ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਲੜਕੀ ਆਸ਼ਾ ਰਾਣੀ, ਉਸ ਦੇ ਭਰਾ ਗੁਰਜੰਟ ਸਿੰਘ ਜੰਟ ਅਤੇ ਮਾਂ ਰਾਜ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਛਾਪੇਮਾਰੀ ਕਰਦੇ ਹੋਏ ਦੋਸ਼ੀ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਅਤੇ ਇਕ ਐਕਟਿਵਾ (ਪੀ.ਬੀ.-10ਏ.ਡੀ.-1727) ਬਰਾਮਦ ਕੀਤੀ ਗਈ ਹੈ।