
ਪੰਜਾਬ ‘ਚ ਰੇਤ ਮਾਫ਼ੀਆ ਦੀਆਂ ਪਰਤਾਂ ਖੋਲ੍ਹਦੀ ਇਕ ਨਿਊਜ਼ ਚੈੱਨਲ ਦੀ ਰਿਪੋਰਟ ਵਿੱਚ ਵੱਡੇ ਖੁਲਾਸੇ ਹੋਏ ਹਨ ਜਿਸ ਵਿੱਚ ਸ਼ਰੇਆਮ ਨਜਾਇਜ਼ ਮਾਈਨਿੰਗ ਹੁੰਦੀ ਦਿਖਾਈ ਗਈ ਹੈ। ਇਸ ਖ਼ੁਲਾਸੇ ਤੋਂ ਬਾਅਦ ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਗੁਰਮੀਤ ਸਿੰਘ ਮੀਤ ਹੇਅਰ ਕੋਲ ਕਈ ਵਿਭਾਗ ਵਾਪਸ ਲਏ ਗਏ ਹਨ। ਮੀਤ ਹੇਅਰ ਤੋਂ ਮਾਇਨਿੰਗ ਵਿਭਾਗ ਲੈ ਕੇ ਚੇਤਨ ਸਿੰਘ ਜੌੜਾਮਾਜਰਾ ਨੂੰ ਦੇ ਦਿੱਤਾ ਗਿਆ ਹੈ।
ਦਰਅਸਲ ਆਨੰਦਪੁਰ ਸਾਹਿਬ ‘ਚ ਰੇਤ ਮਾਫ਼ੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜ਼ਬਤ ਕੀਤੀ ਹੋਈ ਜ਼ਮੀਨ ‘ਤੇ ਹੀ ਗ਼ੈਰ ਕਾਨੂੰਨੀ ਮਾਇਨਿੰਗ ਕੀਤੀ ਜਾ ਰਹੀ ਹੈ। 25-25 ਫੁੱਟ ਤੱਕ ਖੇਤਾਂ ‘ਚੋਂ ਟੋਏ ਪੱਟ ਦਿੱਤੇ ਹਨ। ਮਾਈਨਿੰਗ ਵੀ ਅਜਿਹੀ ਕੀਤੀ ਕਿ ਜ਼ਮੀਨ ਹੇਠਲਾ ਪਾਣੀ ਵੀ ਬਾਹਰ ਆ ਗਿਆ। ਇਸ ਬਾਰੇ ਨਾ ਤਾਂ ਦੀ ਸਰਕਾਰ ਨੂੰ ਕੁੱਝ ਪਤਾ ਲੱਗਿਆ ਤੇ ਨਾ ਹੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਦੀ ਜਾਣਕਾਰੀ ਮਿਲੀ ਹੈ। ਜਿਸ ਥਾਂ ‘ਤੇ ਗ਼ੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਇਹ ਜ਼ਮੀਨ ਆਨੰਦਪੁਰ ਸਾਹਿਬ ਹਲਕੇ ਦੀ 142 ਕਨਾਲ ਹੈ ਯਾਨੀ 18 ਏਕੜ ਹੈ। ਇਹ ਜ਼ਮੀਨ 6000 ਕਰੋੜ ਦੇ ਅੰਤਰਰਾਸ਼ਟਰੀ ਡਰੱਗ ਦੇ ਸਰਗਨਾ ਜਗਦੀਸ਼ ਭੋਲਾ ਦੀ ਹੈ। ਜਿਸ ਨੂੰ ਈਡੀ ਨੇ ਜ਼ਬਤ ਕੀਤਾ ਸੀ। 7 ਸਾਲ ਪਹਿਲਾਂ ਈਡੀ ਨੇ ਇਸ ਜ਼ਮੀਨ ‘ਤੇ ਕਾਰਵਾਈ ਕੀਤੀ ਸੀ ਅਤੇ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਮੌਕੇ ‘ਤੇ ਜ਼ਮੀਨ ਦੀ ਹਾਲਤ ਦੇਖ ਕੇ ਇਵੇਂ ਲੱਗਦਾ ਹੈ ਕਿ ਰੇਤ ਮਾਫ਼ੀਆ ਕਾਫ਼ੀ ਲੰਬੇ ਸਮੇਂ ਤੋਂ ਇਸ ਜ਼ਮੀਨ ‘ਚ ਮਾਈਨਿੰਗ ਕਰ ਰਿਹਾ ਹੈ।
ਇਸ ਗ਼ੈਰ ਕਾਨੂੰਨੀ ਮਾਈਨਿੰਗ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਧਿਆਨ ‘ਚ ਕੋਈ ਗੜਬੜੀ ਆਉਂਦੀ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਫਿਰ ਚਾਹੇ ਸਰਕਾਰ ਦਾ ਬੰਦਾ ਕਿਉਂ ਨਾ ਹੋਵੇ ਉਸ ‘ਤੇ ਵੀ ਐਕਸ਼ਨ ਲਵਾਂਗੇ। 25-25 ਫੁੱਟ ਕੀਤੀ ਮਾਈਨਿੰਗ ਬਾਰੇ ਪੁੱਛਣ ‘ਤੇ ਮੀਤ ਹੇਅਰ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ
ਕੈਬਨਿਟ ‘ਚ ਵੱਡਾ ਫੇਰਬਦਲ, ਮੰਤਰੀਆਂ ਦੇ ਵਿਭਾਗ ਬਦਲੇ
ਹੁਣ ਮੀਤ ਹੇਅਰ ਖੇਡ ਐਂਡ ਯੂਥ ਸਰਵਿਸ ਵਿਭਾਗ ਹੀ ਰਹਿ ਗਿਆ ਹੈ। ਇਸੇ ਤਰ੍ਹਾਂ ਚੇਤਨ ਸਿੰਘ ਜੋੜਾਮਾਜਰਾ ਕੋਲ ਡਿਫੈਂਸ ਸਰਵਿਸ ਵੈਲਫੇਅਰ, ਸੁਤੰਤਰਤਾ ਸੈਨਾਨੀ, ਹੋਰਟੀਕਲਚਰ ਵਿਭਾਗ, ਮਾਈਨਿੰਗ ਵਿਭਾਗ,ਸੂਚਨਾ ਅਤੇ ਪਬਲਿਕ ਰਿਲੇਸ਼ਨ ਵਿਭਾਗ, ਵਾਟਰ ਰਿਸੋਰਸਿਸ ਵਿਭਾਗ, ਕਨਵਰਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਦੇ ਦਿੱਤਾ ਹੈ।
ਇਸੇ ਤਰ੍ਹਾਂ ਸੀਐਮ ਭਗਵੰਤ ਸਿੰਘ ਮਾਨ ਕੋਲ ਹੁਣ 11 ਵਿਭਾਗ ਹਨ। ਦੱਸ ਦਈਏ ਕਿ ਪਹਿਲਾਂ ਗੁਰਮੀਤ ਮੀਤ ਹੇਅਰ ਕੋਲ ਸਾਇੰਸ ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਸੀ, ਜੋ ਹੁਣ ਸੀਐਮ ਮਾਨ ਕੋਲ ਚਲਾ ਗਿਆ ਹੈ।