
ਇੰਗਲੈਂਡ ਦੇ ਸ਼੍ਰੇਅਸਬਰੀ ਇਲਾਕੇ ’ਚ 23 ਵਰ੍ਹਿਆਂ ਦੇ ਵਿਅਕਤੀ ’ਤੇ ਹੋਏ ਹਮਲੇ ਦੇ ਮਾਮਲੇ ’ਚ ਚਾਰ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ’ਤੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਪੀੜਤ ਵੀ ਪੰਜਾਬੀ ਮੂਲ ਦਾ ਸੀ ਅਤੇ ਘਰ-ਘਰ ਪਾਰਸਲ ਪਹੁੰਚਾਉਂਦਾ ਸੀ। ਪਿਛਲੇ ਸੋਮਵਾਰ, ਵੈਸਟ ਮਰਸੀਆ ਪੁਲਿਸ ਨੂੰ ਸ਼ਹਿਰ ਦੇ ਬਾਰਵਿਕ ਐਵੇਨਿਊ ਖੇਤਰ ’ਚ ਇਕ ਨੌਜਵਾਨ ’ਤੇ ਹਮਲੇ ਦੀ ਰੀਪੋਰਟ ਮਿਲੀ ਸੀ। ਜਦੋਂ ਤਕ ਪੁਲਿਸ ਮੌਕੇ ’ਤੇ ਪਹੁੰਚੀ, ਉਦੋਂ ਤਕ ਪੀੜਤ ਅਰਮਾਨ ਸਿੰਘ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਇਸ ਘਟਨਾ ਦੇ ਸਬੰਧ ’ਚ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਰਸ਼ਦੀਪ ਸਿੰਘ (24), ਜਗਦੀਪ ਸਿੰਘ (22), ਸ਼ਿਵਦੀਪ ਸਿੰਘ (26) ਅਤੇ ਮਨਜੋਤ ਸਿੰਘ (24) ਨੂੰ ਅਰਮਾਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਘਟਨਾ ’ਚ ਸ਼ਮੂਲੀਅਤ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤੇ ਗਏ ਪੰਜਵੇਂ ਅਣਪਛਾਤੇ ਵਿਅਕਤੀ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।