
ਨਗਰ ਨਿਗਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਕੈਂਟ ਹਲਕੇ ‘ਚ 50 ਨਾਜਾਇਜ਼ ਦੁਕਾਨਾਂ, ਇਕ ਮਾਲ ਅਤੇ ਇਕ ਨਾਜਾਇਜ਼ ਕਾਲੋਨੀ ‘ਤੇ ਕਾਰਵਾਈ ਕੀਤੀ ਗਈ ਹੈ ਜਦੋਂਕਿ ਇਕ ਨਾਜਾਇਜ਼ ਕਮਰਸ਼ੀਅਲ ਉਸਾਰੀ ਦਾ ਕੰਮ ਰੋਕਿਆ ਤੇ ਇਕ ਨੂੰ ਨੋਟਿਸ ਜਾਰੀ ਕੀਤਾ ਗਿਆ। ਨਗਰ ਨਿਗਮ ਦੇ ਕਮਿਸ਼ਨਰ ਅਭੀਜੀਤ ਕਪਲਿਸ਼ ਦੀਆਂ ਹਦਾਇਤਾਂ ‘ਤੇ ਬਿਲਡਿੰਗ ਬਰਾਂਚ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਕੈਂਟ ਹਲਕੇ ਦੇ ਸੰਸਾਰਪੁਰ ਪਿੰਡ ਨੇੜੇ ਇਕ ਧੰਨ ਬਣਾ ਕੇ ਉਸ ਦੇ ਪਿਛੇ 50 ਨਾਜਾਇਜ਼ ਦੁਕਾਨਾਂ ਦੀ ਮਾਰਕੀਟ ਬਣਾਈ ਜਾ ਰਹੀ ਸੀ ਜਿਸ ਨੂੰ ਏਟੀਪੀ ਸੁਖਦੇਵ ਵਸ਼ਿਸ਼ਠ ਨੇ ਆਪਣੇ ਸਟਾਫ ਅਤੇ ਪੁਲਿਸ ਫੋਰਸ ਦੀ ਸਹਾਇਤਾ ਨਾਲ ਤੜਕੇ ਜਿਥੇ ਦੁਕਾਨਾਂ ‘ਤੇ ਡਿਚ ਚਲਾ ਕੇ ਢਹਿ ਢੇਰੀ ਕੀਤੀਆਂ ਉਥੇ ਸੰਸਾਰਪੁਰ ਦੇ ਸਰਦਾਰ ਅਮਰਸਿੰਘ ਪ੍ਰਧਾਨ ਦੇ ਯਾਦਗਾਰੀ ਗੇਟ ਦੇ ਨਾਲ ਨਾਜਾਇਜ਼ ਸ਼ਾਪਿੰਗ ਕੰਪਲੈਕਸ ਵੀ ਬਣਾਇਆ ਜਾ ਰਿਹਾ ਸੀ ਜਿਸ ਦਾ ਕੰਮ ਰੁਕਵਾਇਆ ਗਿਆ। ਇਸ ਤੋਂ ਇਲਾਵਾ ਲੱਦੇਵਾਲੀ ਵਿਖੇ ਗਰੀਨ ਕਾਉਂਟੀ ਦੇ ਪਿੱਛੇ 3 ਏਕੜ ‘ਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਅਤੇ ਲੱਦੇਵਾਲੀ ਵਿਖੇ ਹੀ ਯੱਮੀ ਬਾਈਟ ਨਾਮੀ ਨਾਜਾਇਜ਼ ਉਸਾਰੀ ਦਾ ਕੰਮ ਬੰਦ ਕਰਾਇਆ। ਜਦੋਂਕਿ ਰਾਮਾ ਮੰਡੀ ਵਿਖੇ ਜੋਹਲ ਹਸਪਤਾਲ ਦੇ ਨਾਲ ਬਣੀ ਜੋਹਲ ਮਾਰਕੀਟ ‘ਚ ਨਾਜਾਇਜ਼ ਚਲ ਰਹੇ ਰੈਸਟੋਰੈਂਟ ਨੂੰ ਨੋਟਿਸ ਜਾਰੀ ਕੀਤਾ ਗਿਆ।