
ਪਾਕਿ ਦੇ ਪੰਜਾਬ ਵਿੱਚ ਇੱਕ ਨਾਬਾਲਗ ਲੜਕੀ ਨੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜੋ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕਰ ਰਿਹਾ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਇਹ ਘਟਨਾ ਲਾਹੌਰ ਸ਼ਹਿਰ ਦੇ ਗੁੱਜਰਪੁਰਾ ਇਲਾਕੇ ਦੀ ਹੈ। ਇੱਥੇ 14 ਸਾਲਾ ਲੜਕੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ, ਉਸ ਦਾ ਪਿਤਾ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਨਾਲ ਬਲਾਤਕਾਰ ਕਰ ਰਿਹਾ ਸੀ।
ਪਿਤਾ ਦੇ ਕਤਲ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੇ ਸੋਹੇਲ ਕਾਜ਼ਮੀ ਨੇ ਕਿਹਾ, ”ਲੜਕੀ ਨੇ ਦੱਸਿਆ, ਉਹ ਭਿਆਨਕ ਸਥਿਤੀ ‘ਚੋਂ ਲੰਘ ਰਹੀ ਸੀ। ਉਸਨੇ ਆਪਣੇ ਬਲਾਤਕਾਰੀ ਪਿਤਾ ਨੂੰ ਮਾਰਨ ਦਾ ਫੈਸਲਾ ਕੀਤਾ ਅਤੇ ਇਸ ਲਈ ਉਸ ਨੇ ਆਪਣੇ ਪਿਤਾ ਨੂੰ ਬੰਦੂਕ ਨਾਲ ਗੋਲੀ ਮਾਰ ਦਿੱਤੀ।’ ਕਾਜ਼ਮੀ ਨੇ ਕਿਹਾ, ਲੜਕੀ ਦੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀ ਅਨੁਸਾਰ ਸਾਰੇ ਪਹਿਲੂਆਂ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਨੇ ਕਥਿਤ ਤੌਰ ‘ਤੇ ਘਟਨਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ੁਰੂ ਵਿਚ ਪੁਲਿਸ ਨੂੰ ਮਾਮਲੇ ਦੀ ਰਿਪੋਰਟ ਨਹੀਂ ਕੀਤੀ, ਹਾਲਾਂਕਿ ਸ਼ਨੀਵਾਰ ਦੁਪਹਿਰ ਨੂੰ ਇੱਕ ਗੁਆਂਢੀ ਨੇ ਪੁਲਿਸ ਨੂੰ ਅਪਰਾਧ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਵਲ ਲਾਈਨ ਦੇ ਐਸਪੀ ਹਸਨ ਭੱਟੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮੁਲਜ਼ਮ, ਉਸ ਦੀ ਮਾਂ, ਭਰਾ ਅਤੇ ਇੱਕ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ।