

School bus overturns in Punjab, bus conductor dies, 55 children safe

ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਵਿੱਚ ਇੱਕ ਸਕੂਲ ਬੱਸ ਪਲਟ ਗਈ। ਸਕੂਲ ਬੱਸ ਹੇਠ ਆਉਣ ਨਾਲ ਕੰਡਕਟਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਸਕੂਲੀ ਬੱਚਿਆਂ ਨੂੰ ਬਚਾਅ ਲਿਆ ਗਿਆ। ਇਹ ਸਕੂਲ ਬੱਸ ਮਹਿਲ ਕਲਾਂ ਦੇ ਇੱਕ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿੱਚ ਸਾਰੇ ਬੱਚੇ ਸੁਰੱਖਿਅਤ ਹਨ, ਪਰ ਬੱਸ ਕੰਡਕਟਰ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਕਾਰ ਨੂੰ ਰਸਤਾ ਦਿੰਦੇ ਹੋਏ ਖੇਤਾਂ ਵਿੱਚ ਇੱਕ ਨਿੱਜੀ ਸਕੂਲ ਬੱਸ ਪਲਟ ਗਈ। ਮਹਿਲ ਕਲਾਂ ਤੋਂ ਕਿਰਪਾਲ ਸਿੰਘ ਵਾਲਾ ਜਾ ਰਹੀ ਇੱਕ ਸਕੂਲ ਬੱਸ ਲਿੰਕ ਰੋਡ ‘ਤੇ ਪਲਟ ਗਈ, ਜਦੋਂ ਡਰਾਈਵਰ ਨੇ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਪਰ ਮੀਂਹ ਕਾਰਨ ਬੱਸ ਖੇਤਾਂ ਵਿੱਚ ਫਿਸਲ ਗਈ, ਜਿਸ ਕਾਰਨ ਬੱਸ ਵਿੱਚ ਬੈਠਾ ਕੰਡਕਟਰ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਨੇੜਲੇ ਪਿੰਡਾਂ ਦੇ ਲੋਕਾਂ ਨੇ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ।ਇਸ ਮੌਕੇ ਬੱਸ ਡਰਾਈਵਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਲਾ ਮਾਜ਼ਰਾ ਵਿਖੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਮਹਿਲ ਕਲਾਂ ਤੋਂ ਕਿਰਪਾਲ ਸਿੰਘ ਵਾਲਾ ਪਿੰਡ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਸਿੰਗਲ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਵਾਹਨ ਆਇਆ, ਇਸ ਲਈ ਉਸ ਨੂੰ ਰਸਤਾ ਦੇਣ ਲਈ ਬੱਸ ਨੂੰ ਸਾਈਡ ‘ਤੇ ਲਿਜਾਇਆ ਗਿਆ, ਪਰ ਮੀਂਹ ਕਾਰਨ ਬੱਸ ਪਲਟ ਗਈ। ਉਨ੍ਹਾਂ ਨੇ ਦੱਸਿਆ ਕਿ ਬੱਸ ਵਿੱਚ ਲੱਗਭਗ 55 ਬੱਚੇ ਸਨ, ਜਿੰਨ੍ਹਾਂ ‘ਚੋਂ ਕੁਝ ਨੂੰ ਪਿੱਛੇ ਉਤਾਰ ਦਿੱਤਾ ਸੀ ਤੇ 20 ਕੁ ਬੱਚੇ ਹੀ ਮੌਕੇ ‘ਤੇ ਬੱਸ ‘ਚ ਸਨ।
