
ਵਿਵਾਦਿਤ ਬਿਆਨ ਤੇ ਰਾਮਦੇਵ ਨੂੰ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਨੇ ਸ਼ਨੀਵਾਰ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਰਾਮਦੇਵ ਨੇ ਠਾਣੇ ‘ਚ ਔਰਤਾਂ ਦੇ ਕੱਪੜੇ ਪਾਉਣ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ‘ਤੇ ਵਿਵਾਦ ਸ਼ੁਰੂ ਹੋ ਗਿਆ ਹੈ।
ਮਹਾਰਾਸ਼ਟਰ ਦੇ ਰਾਜ ਮਹਿਲਾ ਕਮਿਸ਼ਨ ਨੇ ਰਾਮਦੇਵ ਤੋਂ ਔਰਤਾਂ ‘ਤੇ ਦਿੱਤੇ ਇਤਰਾਜ਼ਯੋਗ ਬਿਆਨ ‘ਤੇ ਸਪੱਸ਼ਟੀਕਰਨ ਮੰਗਿਆ ਹੈ। ਕਮਿਸ਼ਨ ਨੇ ਉਨ੍ਹਾਂ ਨੂੰ ਜਵਾਬ ਦੇਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ।
ਸ਼ੁੱਕਰਵਾਰ ਨੂੰ ਠਾਣੇ ‘ਚ ਇਕ ਈਵੈਂਟ ‘ਚ ਰਾਮਦੇਵ ਨੇ ਕਿਹਾ ਸੀ, ”ਔਰਤਾਂ ਸਾੜੀਆਂ ‘ਚ ਚੰਗੀ ਲੱਗਦੀਆਂ ਹਨ, ਔਰਤਾਂ ਸਲਵਾਰ ਸੂਟ ‘ਚ ਚੰਗੀ ਲੱਗਦੀਆਂ ਹਨ ਅਤੇ ਮੇਰੀ ਨਜ਼ਰ ‘ਚ ਉਹ ਬਿਨਾਂ ਕੁਝ ਪਹਿਨੇ ਚੰਗੀ ਲੱਗਦੀਆਂ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਪੁੱਤਰ ਲੋਕ ਸਭਾ ਮੈਂਬਰ ਸ਼੍ਰੀਕਾਂਤ ਸ਼ਿੰਦੇ ਵੀ ਇਸ ਮੌਕੇ ਮੌਜੂਦ ਸਨ।
ਮਹਿਲਾ ਕਮਿਸ਼ਨ ਨੇ ਰਾਮਦੇਵ ਨੂੰ ਭੇਜੇ ਨੋਟਿਸ ਵਿੱਚ ਕਿਹਾ ਹੈ ਕਿ ਕਮਿਸ਼ਨ ਨੂੰ ਤੁਹਾਡੀਆਂ ਅਸ਼ਲੀਲ ਟਿੱਪਣੀਆਂ ਖ਼ਿਲਾਫ਼ ਸ਼ਿਕਾਇਤ ਮਿਲੀ ਹੈ, ਜਿਸ ਨਾਲ ਔਰਤਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਹੈ। ਦੂਜੇ ਪਾਸੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀ ਉਪ ਚੇਅਰਮੈਨ ਨੀਲਮ ਗੋਰੇ ਨੇ ਵੀ ਰਾਮਦੇਵ ਦੀ ਵਿਵਾਦਤ ਟਿੱਪਣੀ ਦੀ ਨਿੰਦਾ ਕੀਤੀ ਹੈ।