
ਹਲਕਾ ਖਡੂਰ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹਰਪ੍ਰੀਤ ਸਿੰਘ ਵੱਲੋਂ ਔਰਤ ਨੂੰ ਸੋਸ਼ਲ ਮੀਡੀਆ ਉੱਤੇ ਗਲਤ ਮੈਸੇਜ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਿਕ ਪੀੜਤ ਮਹਿਲਾ ਦੱਸਿਆ ਕਿ ਉਕਤ ਵਿਅਕਤੀ ਨੇ ਇੱਕ ਵਟਸਅਪ ਗਰੁੱਪ ਵਿੱਚ ਉਸ ਦੇ ਲਈ ਭੱਦੀ ਸ਼ਬਦਾਂਵਲੀ ਦੀ ਵਰਤੋਂ ਕਰਦੇ ਹੋਏ ਇੱਜ਼ਤ ਖਿਲਾਫ਼ ਇਤਰਾਜ਼ਯੋਗ ਟਿਪਣੀਆਂ ਕੀਤੀਆਂ ਸਨ।
ਪੀੜਤਾ ਨੇ ਕਿਹਾ ਕਿ ਇਨ੍ਹਾਂ ਅਪੱਤੀਜਨਕ ਟਿੱਪਣੀਆਂ ਤੋਂ ਬਾਅਦ ਉਸ ਦੇ ਮੋਬਾਇਲ ਫੋਨ ਉੱਤੇ ਅਨੇਕਾਂ ਫੋਨ ਕਾਲਾਂ ਆਉਣ ਲੱਗੀਆਂ। ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਸ ਵੱਲੋਂ ਵਟਸਅਪ ਗਰੁੱਪ ਵਿੱਚ ਗਲਤ ਟਿੱਪਣੀਆਂ ਕਰਨ ਵਾਲੇ ਸ਼ਖ਼ਸ ਦਾ ਨੰਬਰ ਵਾਚਿਆ ਗਿਆ ਤਾਂ ਉਕਤ ਨੰਬਰ ਹਰਪ੍ਰੀਤ ਸਿੰਘ ਦਾ ਨਿਕਲਿਆ। ਜਿਸ ਸਬੰਧੀ ਉਸ ਨੇ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕੀਤੀ। ਸਾਰੀ ਗੱਲ ਬਾਰੇ ਪਤਾ ਲੱਗਣ ਤੋਂ ਬਾਅਦ ਮਹਿਲਾ ਦੇ ਪਰਿਵਾਰ ਵੱਲੋਂ ਥਾਣਾ ਗੋਇੰਦਵਾਲ ਸਾਹਿਬ ਨੂੰ ਸ਼ਿਕਾਇਤ ਕੀਤੀ ਗਈ।
ਸ਼ਿਕਾਇਤ ਮਿਲਣ ਤੋਂ ਮਗਰੋਂ ਐਸਐਚਓ ਰਜਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਮਹਿਲਾ ਦੀ ਸ਼ਿਕਾਇਤ ਉੱਤੇ ਹਰਪ੍ਰੀਤ ਸਿੰਘ ਪੁੱਤਰ ਮੰਗਵੰਤ ਸਿੰਘ ਵਾਸੀ ਛਾਪੜੀ ਸਾਹਿਬ ਖਿਲਾਫ਼ ਮਾਮਲਾ ਦਰਜ ਕਰਨ ਤੋਂ ਮਗਰੋਂ, ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।