JalandharPunjab

ਕਪੂਰਥਲਾ ਦਾ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੁਅੱਤਲ, ਫ਼ਾਜ਼ਿਲਕਾ ਦਾ ਐਡੀਸ਼ਨਲ ਸਿਵਲ ਜੱਜ ਸੀ. ਡਵੀਜ਼ਨਲ ਬਰਖ਼ਾਸਤ

ਪੰਜਾਬ-ਹਰਿਆਣਾ ਹਾਈ ਕੋਰਟ ਦੀ ਮੁਕੰਮਲ ਬੈਂਚ ਨੇ ਪ੍ਰਸ਼ਾਸਨਿਕ ਪੱਧਰ ’ਤੇ ਹੋਈ ਬੈਠਕ ਦੌਰਾਨ ਕਪੂਰਥਲਾ ਦੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰਾਕੇਸ਼ ਕੁਮਾਰ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡਕੁਆਰਟਰ ਮਾਨਸਾ ਤੈਅ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਉੱਥੋਂ ਦੇ ਜ਼ਿਲ੍ਹਾ ਜੱਜ ਦੀ ਮਨਜ਼ੂਰੀ ਤੋਂ ਬਿਨਾਂ ਹੈੱਡਕੁਆਰਟਰ ਨਾ ਛੱਡਣ ਦਾ ਹੁਕਮ ਜਾਰੀ ਕੀਤਾ ਗਿਆ ਹੈ।

ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਰਿਤੂ ਬਾਹਰੀ ਤੇ ਹਾਈ ਕੋਰਟ ਦੇ ਹੋਰਨਾਂ ਜੱਜਾਂ ਦੀ ਮੁਕੰਮਲ ਬੈਂਚ ਦੀ ਬੈਠਕ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਦੇ ਰਾਜਪਾਲ ਨੇ ਹਾਈ ਕੋਰਟ ਦੀ ਸਿਫ਼ਾਰਸ਼ ’ਤੇ ਫ਼ਾਜ਼ਿਲਕਾ ਦੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨਲ ਪ੍ਰਦੀਪ ਸਿੰਘਲ ਨੂੰ ਬਰਖ਼ਾਸਤ ਕਰ ਦਿੱਤਾ ਹੈ। ਰਜਿਸਟਰਾਰ ਵਿਜੀਲੈਂਸ ਨੇ ਉਨ੍ਹਾਂ ਖ਼ਿਲਾਫ਼ ਜਾਂਚ ਕੀਤੀ ਸੀ ਤੇ ਜਾਂਚ ਤੋਂ ਬਾਅਦ ਮੁਕੰਮਲ ਬੈਂਚ ਨੂੰ ਆਪਣੀ ਰਿਪੋਰਟ ਸੌਂਪੀ ਸੀ। ਇਸੇ ਰਿਪੋਰਟ ਦੇ ਆਧਾਰ ’ਤੇ ਹਾਈ ਕੋਰਟ ਨੇ ਰਾਜਪਾਲ ਨੂੰ ਸਿਫ਼ਾਰਸ਼ ਸੌਂਪੀ ਸੀ। ਇਸ ਦੇ ਨਾਲ ਹੀ ਹਾਈ ਕੋਰਟ ਦੀ ਸਿਫ਼ਾਰਸ਼ ਦੇ ਆਧਾਰ ’ਤੇ ਪੰਜਾਬ ਸੁਪੀਰੀਅਰ ਜਿਊਡੀਸ਼ੀਅਲ ਸਰਵਿਸ ਦੇ ਅਧਿਕਾਰੀ ਮਨਦੀਪ ਸਿੰਘ ਢਿੱਲੋਂ ਦੀ ਸਵੈਇੱਛਾ ਸੇਵਾਮੁਕਤੀ ਦੀ ਅਰਜ਼ੀ ਵੀ ਰਾਜਪਾਲ ਨੇ ਮਨਜ਼ੂਰ ਕਰ ਲਈ ਹੈ। ਇਸ ਤੋਂ ਬਾਅਦ ਕਪੂਰਥਲਾ ਦੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰਾਕੇਸ਼ ਕੁਮਾਰ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕਰਦਿਆਂ ਸੰਵਿਧਾਨ ਦੀ ਧਾਰਾ 235 ’ਚ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੁਕੰਮਲ ਬੈਂਚ ਨੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ।

Back to top button