Jalandhar/ SS Chahal
2 ਪੰਜਾਬ ਨੈਸ਼ਨਲ ਕੈਡਿਟ ਕੋਰ (ਐੱਨ ਸੀ ਸੀ) ਬਟਾਲੀਅਨ ਦੇ ਕਮਾਂਡਰ ਕਰਨਲ ਵਿਨੋਦ ਜੋਸ਼ੀ ਵੱਲੋਂ ਕੌਮੀ ਮੁਕਾਬਲਿਆਂ ਵਿੱਚ ਚੁਣੇ ਗਏ ਐੱਨ ਸੀ ਸੀ ਕੈਡਿਟਾਂ ਦਾ ਸਨਮਾਨ ਬਟਾਲੀਅਨ ਹੈਡਕੁਆਰਟਰ ਵਿਖੇ ਕੀਤਾ ਗਿਆ। ਚਾਰ ਕੈਡਿਟ ਰਾਸ਼ਟਰੀ ਥਲ ਸੈਨਾ ਕੈਂਪ ਦਿੱਲੀ ਵਿਖੇ ਹੋਏ ਵੱਖ ਵੱਖ ਮੁਕਾਬਲਿਆਂ ਦਾ ਹਿੱਸਾ ਹਨ। ਇਹ ਕੈਡਿਟ ਲਾਇਲਪੁਰ ਖਾਲਸਾ ਕਾਲਜ, ਡੀ ਏ ਵੀ ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਅਤੇ ਸਟੇਟ ਪਬਲਿਕ ਸਕੂਲ, ਜਲੰਧਰ ਕੈਂਟ ਵਿੱਚ ਪੜ੍ਹ ਰਹੇ ਹਨ। ਚਾਰ ਕੈਡਿਟਾਂ ਨੇ ਭਾਰਤ ਨੇਪਾਲ ਮੁਕਾਬਲਿਆਂ ਵਿੱਚ ਮੈਡਲ ਜਿੱਤੇ ਹਨ। ਦੋ ਕੈਡਿਟ 80 ਕਿਲੋ ਤੋਂ ਘੱਟ ਵੇਟ ਲਿਫਟਿੰਗ ਵਿੱਚ ਸੋਨ ਅਤੇ ਕਾਂਸੀ ਦੇ ਤਗਮੇ ਜੇਤੂ ਹਨ। ਦੋ ਕੈਡਿਟ 3000 ਮੀਟਰ ਅਤੇ 800 ਮੀਟਰ ਦੌੜ ਵਿੱਚ ਕ੍ਰਮਵਾਰ ਕਾਂਸੀ ਅਤੇ ਚਾਂਦੀ ਦਾ ਤਗਮਾ ਜੇਤੂ ਰਹੇ ਹਨ। ਇਹ ਚਾਰੇ ਕੈਡਿਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਰਾਏ ਜੰਡਿਆਲਾ ਵਿੱਚ ਪੜ੍ਹਦੇ ਹਨ। ਅੰਤਰ ਗਰੁਪ ਗਣਤੰਤਰ ਦਿਵਸ (ਆਰ ਡੀ ਸੀ) ਮੁਕਾਬਲਿਆਂ ਵਿੱਚ ਛੇ ਕੈਡਿਟਾਂ ਨੇ ਭਾਗ ਲਿਆ। ਚਾਰ ਹੋਰ ਕੈਡਿਟ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਅਤੇ ਸੱਭਿਆਚਾਰਕ ਮੁਕਾਬਲਿਆਂ ਲਈ ਚੁਣੇ ਗਏ ਹਨ ਅਤੇ ਇਸ ਸਮੇਂ ਐਨਸੀਸੀ ਅਕੈਡਮੀ ਰੋਪੜ ਵਿੱਚ ਸਿਖਲਾਈ ਲੈ ਰਹੇ ਹਨ। ਕਰਨਲ ਵਿਨੋਦ ਜੋਸ਼ੀ ਨੇ ਪ੍ਰੈਸ ਰਿਲੀਜ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਜੇਤੂ ਕੈਡਿਟ ਪੰਜਾਬ ਅਤੇ ਜਲੰਧਰ ਸ਼ਹਿਰ ਦਾ ਮਾਣ ਹਨ। ਉਹਨਾਂ ਨੇ ਐਨਸੀਸੀ ਬਟਾਲੀਅਨ ਵਿਚ ਕਾਲਜਾਂ, ਸਕੂਲਾਂ ਅਤੇ ਐਸੋਸੀਏਟ ਐੱਨਸੀਸੀ ਅਫਸਰਾਂ ਨੂੰ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਇਹਨਾਂ ਕੈਡਿਟਾਂ ਦੀ ਮਿਹਨਤ ਨੇ ਇਹਨਾਂ ਨੂੰ ਇਹ ਮੁਕਾਮ ਦਿਵਾਇਆ ਹੈ। ਇਸ ਸਨਮਾਨ ਸਮਾਰੋਹ ਵਿੱਚ ਲੈਫਟੀਨੈਂਟ ਕਰਨਬੀਰ ਸਿੰਘ, ਸੈਕਿੰਡ ਅਫਸਰ ਪਵਨ ਕੁਮਾਰ, ਸੀ ਟੀ ਓ ਹਰਜਿੰਦਰ ਕੌਰ, ਸੂਬੇਦਾਰ ਮੇਜਰ ਹਰਭਜਨ ਸਿੰਘ ਜੇ ਸੀ ਓਜ, ਆਰਮੀ ਇੰਸਟਰਕਟਰ, ਸਿਵਲ ਸਟਾਫ ਅਤੇ ਹੋਰ ਕੈਡਿਟਾਂ ਨੇ ਵੀ ਹਾਜ਼ਰੀ ਭਰੀ।