
ਲੁਧਿਆਣਾ ਜ਼ਿਲੇ ਦੇ ਪਿੰਡ ਨੀਚੀ ਮੰਗਲੀ ‘ਚ ਅਣਅਧਿਕਾਰਤ ਸਕੈਨ ਸੈਂਟਰ ਚਲਾਉਣ ਵਾਲੇ ਕਾਬੂ ਵਿਅਕਤੀ ਵਿਰੁੱਧ ਪੁਲਿਸ ਨੇ ਸਰਕਾਰੀ ਮੁਲਾਜ਼ਮਾਂ ਨੂੰ 10 ਲੱਖ ਰੁਪਏ ਦੀ ਰਿਸ਼ਵਤ ਦੇਣ ਦੋਸ਼ ਹੇਠ ਮਾਮਲਾ ਦਰਜ਼ ਕੀਤਾ ਹੈ। ਇਹ ਰਿਸ਼ਵਤ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਲਈ ਦਿੱਤੀ ਜਾਣੀ ਸੀ। ਜਿਸ ਦੇ ਸਬੰਧ ‘ਚ ਪੁਲਿਸ ਵੱਲੋਂ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਦੇ ਬਿਆਨਾਂ ‘ਤੇ ਮਾਮਲਾ ਰਜਿਸ਼ਟਰ ਕੀਤਾ ਗਿਆ ਹੈ।
ਥਾਣਾ ਫੋਕਲ ਪੁਆਇੰਟ ਦੇ ਸਹਾਇਕ ਥਾਣੇਦਾਰ ਮੰਗਲ ਦਾਸ ਨੇ ਦੱਸਿਆ ਕਿ ਡਾ. ਹਰਪ੍ਰੀਤ ਸਿੰਘ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਦਫ਼ਤਰ ਸਿਵਲ ਸਰਜਨ ਲੁਧਿਆਣਾ ਵੱਲੋਂ ਲਿਖਾਏ ਬਿਆਨਾਂ ਮੁਤਾਬਕ ਉਨਾਂ ਵੱਲੋਂ ਡਿਊਟੀ ਦੌਰਾਨ ਸੂਚਨਾ ਦੇ ਅਧਾਰ ‘ਤੇ ਜ਼ਿਲੇ ਦੇ ਪਿੰਡ ਨੀਚੀ ਮੰਗਲੀ ਵਿਖੇ ਮਨਮੋਹਨ ਪਾਲ ਦੇ ਘਰ ਰੇਡ ਕੀਤੀ ਸੀ, ਜਿੱਥੇ ਮਨਮੋਹਨ ਪਾਲ ਵੱਲੋਂ ਅਣਅਧਿਕਾਰਤ ਸਕੈਨ ਸੈਂਟਰ ਚਲਾ ਕੇ ਲਿੰਗ ਦੀ ਜਾਂਚ ਕੀਤੀ ਜਾ ਰਹੀ ਸੀ।
ਡਾ. ਹਰਪ੍ਰੀਤ ਸਿੰਘ ਮੁਤਾਬਕ ਜਿਉਂ ਹੀ ਉਨਾਂ ਨੇ ਛਾਪੇਮਾਰੀ ਕਰਕੇ ਮਨਮੋਹਨ ਪਾਲ ਨੂੰ ਲਿੰਗ ਜਾਂਚ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਤਾਂ ਅੱਗੋਂ ਉਕਤ ਨੇ ਉਨਾਂ (ਮਨਮੋਹਨ ਪਾਲ) ਨੂੰ ਭਜਾਉਣ ਬਦਲੇ 10 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਪੇਸ਼ਕਸ ਕੀਤੀ। ਇੰਨਾਂ ਹੀ ਨਹੀਂ ਮਨਮੋਹਨ ਪਾਲ ਨੇ ਆਪਣੇ ਘਰ ਫੋਨ ਕਰਕੇ 4.98 ਲੱਖ ਰੁਪਏ ਮੌਕੇ ‘ਤੇ ਹੀ ਮੰਗਵਾ ਲਏ ਜੋ ਉਨਾਂ ਨੇ ਮਨਮੋਹਨ ਪਾਲ ਤੇ ਦੋਵੇਂ ਮਹਿਲਾਵਾਂ ਸਮੇਤ ਪੁਲਿਸ ਹਵਾਲੇ ਕਰ ਦਿੱਤੇ। ਸਹਾਇਕ ਥਾਣੇਦਾਰ ਮੰਗਲ ਦਾਸ ਨੇ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਡਾ. ਹਰਪ੍ਰੀਤ ਸਿੰਘ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਦੇ ਬਿਆਨਾਂ ‘ਤੇ ਮਨਮੋਹਨ ਪਾਲ ਸ਼ਰਮਾ ਪੁੱਤਰ ਜਗਦੀਸ਼ ਸਿੰਘ ਵਾਸੀ ਜਨਕਪੁਰੀ (ਲੁਧਿਆਣਾ) ਵਿਰੁੱਧ ਭਿ੍ਰਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।