ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਅਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਦੇ ਘਰਾਂ ‘ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ 200 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਜ਼ਿਕਰਯੋਗ ਹੈ ਕਿ ਛਾਪੇਮਾਰੀ ਦੌਰਾਨ ਨੋਟਾਂ ਨਾਲ ਭਰੀਆਂ 9 ਅਲਮਾਰੀਆਂ ਮਿਲੀਆਂ ਸਨ ਅਤੇ ਨੋਟ ਗਿਣਨ ਲਈ ਮਸ਼ੀਨਾਂ ਮੰਗਵਾਉਣੀਆਂ ਪਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ 300 ਕਰੋੜ ਰੁਪਏ ਦੀ ਗਿਣਤੀ ਹੋ ਚੁੱਕੀ ਹੈ ਅਤੇ ਨੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਅਜਿਹੇ ‘ਚ ਜ਼ਬਤ ਕੀਤੀ ਗਈ ਰਕਮ ਹੋਰ ਵਧ ਸਕਦੀ ਹੈ।
ਇੰਨਾ ਕੈਸ਼ ਮਿਲਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਕਦੀ ਮਾਮਲੇ ‘ਚ ਵਿਰੋਧੀ ਧਿਰ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਤਿੰਨ ਲਾਫਿੰਗ ਇਮੋਜੀਆਂ ਦੇ ਨਾਲ ਮੀਡੀਆ ਰਿਪੋਰਟ ਸਾਂਝੀ ਕੀਤੀ ਅਤੇ ਲਿਖਿਆ, “ਦੇਸ਼ ਵਾਸੀਆਂ ਨੂੰ ਕਰੰਸੀ ਨੋਟਾਂ ਦੇ ਇਨ੍ਹਾਂ ਢੇਰਾਂ ਨੂੰ ਦੇਖਣਾ ਚਾਹੀਦਾ ਹੈ ਅਤੇ ਫਿਰ ਇਨ੍ਹਾਂ ਦੇ ਨੇਤਾਵਾਂ ਦੇ ਇਮਾਨਦਾਰ ਭਾਸ਼ਣਾਂ ਨੂੰ ਸੁਣਨਾ ਚਾਹੀਦਾ ਹੈ… ਜਨਤਾ ਤੋਂ ਜੋ ਲੁੱਟਿਆ ਗਿਆ ਹੈ। ਉਸ ਦੀ ਪਾਈ-ਪਾਈ ਮੋੜਨੀ ਪਏਗੀ, ਇਹ ਮੋਦੀ ਦੀ ਗਾਰੰਟੀ ਹੈ।”
ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਰਾਸ ਅਤੇ ਡਾਲਰ ਦਾ ਇਮੋਜੀ ਵੀ ਲਗਾਇਆ। ਆਮ ਤੌਰ ‘ਤੇ ਪ੍ਰਧਾਨ ਮੰਤਰੀ ਮੋਦੀ ਆਪਣੇ ਹੈਂਡਲ ‘ਤੇ ਬਿਆਨਾਂ ਦੇ ਨਾਲ ਇਮੋਜੀ ਨਹੀਂ ਲਾਉਂਦੇ। ਅਜਿਹੇ ‘ਚ ਉਨ੍ਹਾਂ ਦੇ ਟਵੀਟ ਨੇ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।