ਜਾਣਕਾਰੀ ਮੁਤਾਬਕ ਸ਼ਿਮਲਾ ਦਿਹਾਤੀ ਦੇ ਵਿਧਾਇਕ ਵਿਕਰਮਾਦਿੱਤਿਆ ਸਿੰਘ ਦੀ ਪਤਨੀ ਸੁਦਰਸ਼ਨ ਚੰਦਾਵਤ ਨੇ ਉਦੈਪੁਰ (ਰਾਜਸਥਾਨ) ਦੀ ਅਦਾਲਤ ‘ਚ ਆਪਣੇ ਪਤੀ ਅਤੇ ਪਰਿਵਾਰਕ ਮੈਂਬਰਾਂ ਖਿਲਾਫ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਹ ਸ਼ਿਕਾਇਤ 17 ਅਕਤੂਬਰ 2022 ਨੂੰ ਦਿੱਤੀ ਗਈ ਸੀ। 17 ਨਵੰਬਰ 2022 ਨੂੰ ਹੋਈ ਪਹਿਲੀ ਸੁਣਵਾਈ ਵਿੱਚ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਉਦੈਪੁਰ ਦੀ ਅਦਾਲਤ ਨੇ ਵਿਕਰਮਾਦਿੱਤਿਆ ਸਿੰਘ, ਸੱਸ ਪ੍ਰਤਿਭਾ ਸਿੰਘ, ਭਰਜਾਈ ਅਪਰਾਜਿਤਾ, ਨੰਦੋਈ ਅੰਗਦ ਸਿੰਘ ਅਤੇ ਚੰਡੀਗੜ੍ਹ ਦੀ ਇੱਕ ਲੜਕੀ ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਸਾਰੇ ਦੋਸ਼ੀਆਂ ਨੂੰ ਬੁੱਧਵਾਰ (14 ਦਸੰਬਰ) ਨੂੰ ਉਦੈਪੁਰ ਦੀ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।
ਕਿਹੜੇ-ਕਿਹੜੇ ਲੱਗੇ ਦੋਸ਼
ਵਿਕਰਮਾਦਿਤਿਆ ਸਿੰਘ ਦੀ ਪਤਨੀ ਸੁਦਰਸ਼ਨ ਨੇ ਘਰੇਲੂ ਹਿੰਸਾ ‘ਚ ਮਹਿਲਾ ਸੁਰੱਖਿਆ ਕਾਨੂੰਨ ਦੀ ਧਾਰਾ 20 ਤਹਿਤ ਅਦਾਲਤ ‘ਚ ਸ਼ਿਕਾਇਤ ਦਿੱਤੀ ਹੈ। ਦੋਸ਼ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਸ਼ਿਕਾਇਤਕਰਤਾ ਨਾਲ ਘਰੇਲੂ ਹਿੰਸਾ ਕੀਤੀ ਗਈ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸਹੁਰੇ ਪਰਿਵਾਰ ਵੱਲੋਂ ਉਸ ‘ਤੇ ਸਰੀਰਕ, ਮਾਨਸਿਕ ਅਤੇ ਆਰਥਿਕ ਹਿੰਸਾ ਨਾ ਕੀਤੀ ਜਾਵੇ, ਇਸ ਲਈ ਉਸ ਦੇ ਰਹਿਣ ਲਈ ਵੱਖਰੇ ਮਕਾਨ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਜਾਣ। ਵਿਕਰਮਾਦਿਤਿਆ ਸਿੰਘ ਦਾ ਵਿਆਹ ਮਾਰਚ 2019 ਵਿੱਚ ਮੇਵਾੜ ਰਾਜਵੰਸ਼ ਦੀ ਰਾਜਕੁਮਾਰੀ ਸੁਦਰਸ਼ਨ ਚੁੰਦਾਵਤ ਨਾਲ ਹੋਇਆ ਸੀ। ਕੁਝ ਸਮੇਂ ਬਾਅਦ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਦੋਵੇਂ ਕਾਫੀ ਸਮੇਂ ਤੋਂ ਵੱਖ ਰਹਿ ਰਹੇ ਸਨ।
ਵਿਕਰਮਾਦਿੱਤਿਆ ਵੱਲੋਂ ਮਾਮਲੇ ‘ਤੇ ਟਿੱਪਣੀ ਤੋਂ ਇਨਕਾਰ
ਵਿਕਰਮਾਦਿੱਤਿਆ ਸਿੰਘ ਨੇ ਇਸ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਪਰਿਵਾਰਕ ਹੈ।