ਭੋਗਪੁਰ ਚ ਡਿਪਸ ਸਕੂਲ ਵਿੱਚ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਸਕੂਲ ਦੀ ਬੱਸ ਨਾਲ ਹਾਦਸਾਗ੍ਰਸਤ ਹੋਈ ਇੱਕ ਕਾਰ ਦੇ ਮਾਲਕ ਪਿਓ-ਪੁੱਤ ਸਕੂਲ ਵਿਚ ਕਾਰ ਦਾ ਮੁਆਵਜ਼ਾ ਲੈਣ ਪੁੱਜੇ ਤਾਂ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਨੌਜਵਾਨ ਦੀ ਪੱਗੜੀ ਉਤਾਰ ਦਿੱਤੀ ਗਈ ।
ਇਸ ਮਾਮਲੇ ਦੇ ਪੀੜਤ ਸੰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸੱਧਾ ਚੱਕ ਅਤੇ ਉਸ ਦੇ ਸਾਥੀ ਸੁਖਵੀਰ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਨੰਗਲ ਅਰਾਈਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਉਸ ਦੀ ਕਾਰ ਜਦੋਂ ਬਿਨਪਾਲਕੇ ਤੋ ਸੱਦਾ ਚੱਕ ਸੜਕ ਤੇ ਜਾ ਰਹੀ ਸੀ ਤਾਂ ਡਿਪਸ ਸਕੂਲ ਦੀ ਬੱਚਿਆਂ ਨਾਲ ਭਰੀ ਇਕ ਬੱਸ ਉਸ ਨੂੰ ਕਰਾਸ ਕਰਨ ਲੱਗੀ ਤਾਂ ਕਰਾਸ ਕਰਦੇ ਸਮੇਂ ਬੱਸ ਕਾਰ ਨਾਲ ਟਕਰਾ ਗਈ ਜਿਸ ਕਾਰਨ ਕਾਰ ਦਾ ਇਕ ਹਿੱਸਾ ਹਾਦਸਾਗ੍ਰਸਤ ਹੋ ਗਿਆ ।
ਸਕੂਲ ਪ੍ਰਬੰਧਕਾਂ ਵੱਲੋਂ ਇਸ ਕਾਰ ਨੂੰ ਠੀਕ ਕਰਵਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ । ਪਰ ਉਸ ਤੋਂ ਬਾਅਦ ਉਹ ਵਾਰ ਵਾਰ ਚੱਕਰ ਮਾਰਦੇ ਰਹੇ ਤਾਂ ਨਾ ਸਕੂਲ ਪ੍ਰਬੰਧਕਾਂ ਨੇ ਕਾਰ ਨੂੰ ਠੀਕ ਕਰਵਾ ਕੇ ਦਿੱਤਾ ਤੇ ਨਾ ਹੀ ਉਨ੍ਹਾਂ ਦਾ ਬਣਦਾ ਮੁਆਵਜ਼ਾ ਦਿੱਤਾ ਗਿਆ । ਅੱਜ ਸੰਦੀਪ ਸਿੰਘ ਆਪਣੇ ਪਿਤਾ ਨਰਿੰਦਰ ਸਿੰਘ ਅਤੇ ਆਪਣੇ ਇਕ ਦੋਸਤ ਨਾਲ ਸਕੂਲ ਵਿਚ ਕਾਰ ਦਾ ਮੁਆਵਜ਼ਾ ਲੈਣ ਲਈ ਪੁੱਜੇ ਸਨ ਜਿੱਥੇ ਸਕੂਲ ਦੇ ਟਰਾਂਸਪੋਰਟ ਇੰਚਾਰਜ ਸੁਖਵਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋਈ ਤਾਂ ਇਹ ਗੱਲਬਾਤ ਝਗੜੇ ਦਾ ਰੂਪ ਧਾਰਨ ਕਰ ਗਈ ਦੇਖਦਿਆਂ ਦੇਖਦਿਆਂ ਸਕੂਲ ਦੇ ਬੱਸਾਂ ਦੇ ਡਰਾਈਵਰਾਂ ਅਤੇ ਟਰਾਂਸਪੋਰਟ ਇੰਚਾਰਜ ਸੁਖਵਿੰਦਰ ਸਿੰਘ ਵੱਲੋਂ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਸੰਦੀਪ ਸਿੰਘ ਦੀ ਪੱਗੜੀ ਉਤਾਰ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਕੂਲ ਵਿਚ ਬੰਧਕ ਬਣਾ ਲਿਆ ਗਿਆ । ਜਦੋਂ ਇਸ ਮਾਮਲੇ ਦਾ ਪਤਾ ਸੰਦੀਪ ਸਿੰਘ ਦੇ ਪਿੰਡ ਵਾਸੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਗੇਟ ਅੱਗੇ ਪੁੱਜ ਕੇ ਸਕੂਲ ਪ੍ਰਬੰਧਕਾਂ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ .ਜਦ ਇਸ ਸੰਬੰਧ ਚ ਸਕੂਲ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਤਾ ਓਨਾ ਨੇ ਆਪਣਾ ਫੋਨ ਚੁੱਕਣਾ ਵੀ ਮੁਨਾਸਬ ਨਹੀਂ ਸਮਝਿਆ ਜੇ ਫਿਰ ਵੀ ਸਕੂਲ ਪ੍ਰਬੰਧਕ ਆਪਣਾ ਪੱਖ ਰੱਖਣਾ ਚਾਹੁਣ ਤਾ ਜਰੂਰ ਛਾਪਿਆ ਜਾਵੇਗਾ