ਕਿਸਾਨਾਂ ਨੇ 16 ਫਰਵਰੀ ਲਈ ਖਿੱਚੀ ਤਿਆਰੀ, ਗਣਤੰਤਰ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਟ੍ਰੈਕਟਰ ਮਾਰਚ
Farmers made preparations for February 16, tractor march by farmer organizations on the occasion of Republic Day
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ਤਹਿਤ ਗਣਤੰਤਰ ਦਿਵਸ ਮੌਕੇ ਸੂਬੇ ਭਰ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਡੀ ਪੱਧਰ ਤੇ ਟਰੈਕਟਰ/ਵਾਹਨ ਮਾਰਚ ਕਰਕੇ 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੁਆਤ ਕਰ ਦਿੱਤੀ।
ਮਾਰਚ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ-ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ, ਸਾਰੀਆਂ ਫਸਲਾਂ ਦੀ ਸੀ2+50% ਫਾਰਮੂਲੇ ਨਾਲ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਖੇਤੀ ਲਾਗਤ ਵਸਤਾਂ ਦੀਆਂ ਕੀਮਤਾਂ ਘਟਾਉਣ,ਪ੍ਰੀਪੇਡ ਮੀਟਰਾਂ ਦੀ ਨੀਤੀ ਨੂੰ ਵਾਪਸ ਲੈਣ,ਸਰਲ ਅਤੇ ਸਰਕਾਰੀ ਫਸਲ ਬੀਮਾ ਯੋਜਨਾ ਲਾਗੂ ਕਰਨ, ਕਿਸਾਨ ਪਰਿਵਾਰਾਂ ਲਈ ਦੱਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਸਕੀਮ ਲਾਗੂ ਕਰਨ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਸਰਗਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਕੇਸ ਦਰਜ਼ ਕਰਕੇ ਗ੍ਰਿਫਤਾਰ ਕਰਨ ਅਤੇ ਚਾਰ ਲੇਬਰ ਕੋਡਾ ਨੂੰ ਰੱਦ ਕਰਨ ਦੇ ਨਾਲ ਨਾਲ ਬਿਜਲੀ, ਰੇਲਵੇ ਸਮੇਤ ਪਬਲਿਕ ਸੈਕਟਰ ਦੇ ਨਿਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਨੂੰ ਮੰਨਕੇ ਲਾਗੂ ਕਰਨ ਲਈ ਜੋਰਦਾਰ ਆਵਾਜ਼ ਬੁਲੰਦ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਤੋਂ ਵੱਧ ਕੁਝ ਪਿਆਰਾ ਨਹੀ।ਇਸਨੇ ਕਾਰਪੋਰੇਟ ਦੇ 14.56 ਲੱਖ ਕਰੋੜ ਰੁਪਏ ਦੇ ਕਰਜ਼ੇ ਤੇ ਲੀਕ ਮਾਰ ਦਿੱਤੀ। ਕਾਰਪੋਰੇਟ ਘਰਾਣਿਆਂ ਨੇ ਆਪਣੇ ਮੁਨਾਫ਼ਿਆਂ ਖਾਤਰ ਦੇਸ਼ ਲੁੱਟ ਲਿਆ। ਦੇਸ਼ ਵਿੱਚ ਅਮੀਰਾਂ ਗਰੀਬਾਂ ਵਿੱਚ ਪਾੜਾ ਸਿਖਰ ਨੂੰ ਪਹੁੰਚ ਗਿਆ।ਪਰ ਸੰਸਾਰ ਵਿੱਚ ਅੱਜ ਜਦੋਂ ਅਨਾਜ ਦਾ ਸੰਕਟ ਗਹਿਰਾ ਹੋ ਰਿਹਾ ਉਦੋਂ ਦੇਸ਼ ਦੀ ਅਨਾਜ ਸੁਰੱਖਿਆ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਰਕਾਰਾਂ ਦਾ ਰੱਵਈਆ ਮਤਰੇਈ ਮਾਂ ਵਾਲਾ ਹੈ।
ਉਹ ਕਰਜ਼ੇ ਦੇ ਮਾਰੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਨੂੰ ਫਸਲਾਂ ਦਾ ਲਾਹੇਵੰਦ ਭਾਅ ਨਹੀ ਮਿਲਦਾ। ਕਿਸਾਨ ਆਗੂਆਂ ਨੇ ਕਿਸਾਨਾਂ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਤੇ ਲੀਕ ਮਾਰਨ ਅਤੇ ਸਾਰੀਆਂ ਫਸਲਾਂ ਦਾ ਸੀ2+50% ਫਾਰਮੂਲੇ ਨਾਲ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਕਿਸਾਨ ਹੀ ਨਹੀਂ ਮਜ਼ਦੂਰ, ਮੁਲਾਜ਼ਮ, ਵਪਾਰੀ, ਦੁਕਾਨਦਾਰ,ਡਰਾਈਵਰ ਅਤੇ ਹੋਰ ਤਬਕੇ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਸਰਕਾਰ ਹਿੱਟ ਐਂਡ ਰਨ ਮਾਮਲੇ ਵਿੱਚ ਸਖ਼ਤ ਸਜ਼ਾਵਾਂ ਅਤੇ ਜੁਰਮਾਨੇ,ਚਾਰ ਲੇਬਰ ਕੋਡ ਅਤੇ ਪਬਲਿਕ ਸੈਕਟਰ ਦੇ ਨਿਜੀਕਰਨ ਰਾਹੀ ਸਾਰੇ ਤਬਕਿਆਂ ਨੂੰ ਕਾਰਪੋਰੇਟ ਘਰਾਣਿਆਂ ਦਾ ਖਾਜਾ ਬਣਾਉਣ ਦੇ ਰਾਹ ਪਈ ਹੋਈ ਹੈ।