
ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮੁੜ ਸੰਘਰਸ਼ ਵਿੱਢ ਰਿਹਾ ਹੈ। ਕਿਸਾਨ ਜਥੇਬੰਦੀਆਂ ਭਲਕ ਤੋਂ ਛੇ ਥਾਵਾਂ ‘ਤੇ ਸੜਕਾਂ ਉੱਪਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨਗੀਆਂ। ਮੋਰਚੇ ਦੇ ਆਗੂ ਜਗਜੀਤ ਡੱਲੇਵਾਲ ਅਨੁਸਾਰ ਮੋਰਚੇ ਵਿੱਚ 17 ਜਥੇਬੰਦੀਆਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਗਾਂ ਵਿੱਚ ਗੰਨਾ ਕਿਸਾਨਾਂ ਦੇ 420 ਕਰੋੜ ਰੁਪਏ ਦੇ ਬਕਾਏ ਦਿੱਤੇ ਜਾਣ ਦੀ ਮੰਗ ਹੈ। ਇਸ ਵਿੱਚੋਂ 300 ਕਰੋੜ ਨਿੱਜੀ ਖੰਡ ਮਿੱਲਾਂ ਦਾ ਤੇ ਬਾਕੀ ਸਹਿਕਾਰੀ ਖੰਡ ਮਿੱਲਾਂ ਦਾ ਹੈ। ਉਨ੍ਹਾਂ ਕਿਹਾ ਕਿ 17 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਵਿੱਚ 16 ਜੁਲਾਈ ਤੱਕ ਬਕਾਇਆ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਡੱਲੇਵਾਲ ਨੇ ਕਿਹਾ ਕਿ ਪਹਿਲਾਂ ਇਹ ਬਕਾਇਆ 520 ਕਰੋੜ ਸੀ ਪਰ ਇਸ ਦੌਰਾਨ 100 ਕਰੋੜ ਰੁਪਏ ਕਿਸਾਨਾਂ ਨੂੰ ਦੇ ਦਿੱਤੇ ਗਏ ਹਨ ਤੇ ਬਾਕੀ ਰਹਿੰਦੇ ਪੈਸੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ ਜਦਕਿ ਕਿਸਾਨਾਂ ਦੀ ਮੰਗ ਹੈ ਕਿ ਇੱਕਮੁਸ਼ਤ ਰਕਮ ਦਿੱਤੀ ਜਾਵੇ।
ਇਸ ਤੋਂ ਇਲਾਵਾ ਤਿੰਨ ਕਿਸਾਨੀ ਕਾਨੂੰਨਾਂ ਵਿਰੁੱਧ ਅੰਦੋਲਨ ਵਿੱਚ ਸ਼ਹੀਦ ਹੋਏ ਕਈ ਕਿਸਾਨ ਪਰਿਵਾਰਾਂ ਨੂੰ ਅਜੇ ਤੱਕ ਨਾ ਤਾਂ ਮੁਆਵਜ਼ਾ ਮਿਲਿਆ ਹੈ ਤੇ ਨਾ ਹੀ ਨੌਕਰੀਆਂ। ਕਿਸਾਨਾਂ ਦੀ ਮੰਗ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ।