ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਉੜੀਸਾ ਦੇ ਨਬਰੰਗਪੁਰ ਜ਼ਿਲ੍ਹੇ ਵਿੱਚ ਅਤਿ ਦੀ ਗਰਮੀ ਦੌਰਾਨ ਟੁੱਟੀ ਹੋਈ ਕੁਰਸੀ ਦੇ ਸਹਾਰੇ ਪੈਨਸ਼ਨ ਲੈਣ ਲਈ ਨੰਗੇ ਪੈਰੀਂ ਬੈਂਕ ਪੁੱਜੀ ਬਿਰਧ ਔਰਤ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੀ ਖਿਚਾਈ ਕੀਤੀ ਅਤੇ ਉਸ ਨੂੰ ਇਨਸਾਨੀਅਤ ਦਿਖਾਉਣ ਲਈ ਕਿਹਾ।
ਵੀਡੀਓ ਵਿੱਚ ਔਰਤ ਦੀ ਪਛਾਣ ਸੂਰਿਆ ਹਰੀਜਨ ਵਜੋਂ ਹੋਈ ਹੈ, ਜੋ ਨਬਰੰਗਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਹ ਆਪਣੇ ਛੋਟੇ ਲੜਕੇ ਨਾਲ ਰਹਿੰਦੀ ਹੈ, ਜੋ ਹੋਰ ਲੋਕਾਂ ਦੇ ਪਸ਼ੂ ਚਾਰਨ ਦਾ ਕੰਮ ਕਰਦਾ ਹੈ। ਉਸ ਦਾ ਵੱਡਾ ਲੜਕਾ ਹੋਰ ਸੂਬੇ ਵਿੱਚ ਪਰਵਾਸੀ ਮਜ਼ਦੂਰ ਹੈ। ਪਰਿਵਾਰ ਝੌਂਪੜੀ ਵਿੱਚ ਰਹਿੰਦਾ ਹੈ। ਉਸ ਕੋਲ ਜ਼ਮੀਨ ਨਹੀਂ ਹੈ। ਵਿੱਤ ਮੰਤਰੀ ਸੀਤਾਰਮਨ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ”ਐੱਸਬੀਆਈ ਮੈਨੇਜਰ ਨੂੰ ਜਵਾਬ ਦਿੰਦਿਆਂ ਦੇਖ ਸਕਦੇ ਹਾਂ ਪਰ ਫਿਰ ਵੀ ਚਾਹੁੰਦੇ ਹਾਂ ਕਿ ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਅਤੇ ਐੱਸਬੀਆਈ ਇਸ ਦਾ ਨੋਟਿਸ ਲਵੇ ਅਤੇ ਇਨਸਾਨੀਅਤ ਦਿਖਾਵੇ। ਕੀ ਉਹ ਬੈਂਕ ਮਿੱਤਰ ਨਹੀਂ ਹਨ?” ਇਹ ਘਟਨਾ 17 ਅਪਰੈਲ ਦੀ ਹੈ। ਕੇਂਦਰੀ ਵਿੱਤ ਮੰਤਰੀ ਦੇ ਟਵੀਟ ਦਾ ਜਵਾਬ ਦਿੰਦਿਆਂ ਐੱਸਬੀਆਈ ਨੇ ਕਿਹਾ ਕਿ ਅਗਲੇ ਮਹੀਨੇ ਤੋਂ ਪੈਨਸ਼ਨ ਔਰਤ ਦੇ ਘਰ ਦਿੱਤੀ ਜਾਇਆ ਕਰੇਗੀ। ਬੈਂਕ ਨੇ ਕਿਹਾ ਕਿ ਉਸ ਨੂੰ ਵ੍ਹੀਲਚੇਅਰ ਵੀ ਦਿੱਤੀ ਜਾਵੇਗੀ।