ਕੁੜੀ ਨਾਲ ਛੇੜਛਾੜ ਕਰਨ ਵਾਲੇ ਆਸ਼ਕ ਨੇ ਥਾਣੇ ‘ਚ ਪਾਇਆ ਭੜਥੂ, ਕੀਤੀ ਭੰਨ-ਤੋੜ, ਥਾਣੇਦਾਰ ਦੇ ਪਾੜ੍ਹੇ ਕਪੜੇ, ਕੀਤਾ ਫੱਟੜ
ਇੱਕ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਵਾਲੇ 35 ਸਾਲਾ ਵਿਅਕਤੀ ਨੇ ਥਾਣੇ ‘ਚ ਭੜਥੂ ਪਾ ਦਿੱਤਾ। ਉਸ ਨੇ ਥਾਣੇ ਵਿੱਚ ਭੰਨ-ਤੋੜ ਕੀਤੀ ਤੇ 2 ਥਾਣੇਦਾਰਾਂ ਨੂੰ ਵੀ ਫੱਟੜ ਕਰ ਦਿੱਤਾ। ਉਹ ਖੁਦ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੋਸ਼ੀ ਨੂੰ ਪੁਲਿਸ ਮੁਲਾਜ਼ਮਾਂ ਸਣੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕਾਬੂ ਕੀਤੇ ਦੋਸ਼ੀ ਸੰਦੀਪ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਘੋਲੂ ਮਾਜਰਾ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਇਸ ਵਿਅਕਤੀ ਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਡੇਰਾਬੱਸੀ ਦੀ ਅਦਾਲਤ ਵਿੱਚ ਪੇਸ਼ ਕਰਨ ’ਤੇ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਏ.ਐਸ.ਆਈ ਅਤੇ ਜਾਂਚ ਅਧਿਕਾਰੀ ਬਰਿੰਦਰ ਸਿੰਘ ਅਤੇ ਏ.ਐਸ.ਆਈ ਸੁਖਦੇਵ ਬਾਜਵਾ ਵੀ ਮੌਜੂਦ ਸਨ, ਉੱਥੇ ਪਹੁੰਚ ਕੇ ਜੇਲ੍ਹਰਾਂ ਨੇ ਉਸ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਉਸ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਕਿਹਾ।