ਕੇਂਦਰੀ ਜੇਲ੍ਹ ‘ਚ Birthday ਪਾਰਟੀ ਦੀ ਵਾਇਰਲ ਵੀਡੀਓ, ਜਾਂਚ DIG ਨੂੰ ਸੌਂਪ ‘ਤੀ
Viral video of birthday party in central jail, investigation handed over to DIG

ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਅਰੁਣ ਕੁਮਾਰ ਉਰਫ਼ ਮਨੀ ਰਾਣਾ ਦੇ ਜਨਮ ਦਿਨ ਦੀ ਪਾਰਟੀ ਅਤੇ ਬਾਅਦ ਵਿੱਚ ਵੀਡੀਓ ਵਾਇਰਲ ਕਰਨ ਦੇ ਮਾਮਲੇ ਦੀ ਜਾਂਚ ਡੀਆਈਜੀ ਪਟਿਆਲਾ ਰੇਂਜ ਨੂੰ ਸੌਂਪ ਦਿੱਤੀ ਗਈ ਹੈ। ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਦੇ ਹੁਕਮਾਂ ’ਤੇ ਤਿੰਨ ਦਿਨਾਂ ਵਿੱਚ ਜਾਂਚ ਕਰਕੇ ਮੁਕੰਮਲ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਖ਼ਤ ਹਦਾਇਤਾਂ ਵੀ ਦਿੱਤੀਆਂ ਹਨ ਕਿ ਜੇਕਰ ਇਸ ਮਾਮਲੇ ਵਿੱਚ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਆਈਜੀ ਜੇਲ੍ਹ ਆਰ. ਕੇ. ਅਰੋੜਾ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਕਾਤਲ ਜੇਲ੍ਹ ਵਿੱਚ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ 24 ਦਸੰਬਰ ਨੂੰ ਜੇਲ੍ਹ ਵਿਭਾਗ ਕੋਲ ਆਇਆ ਸੀ ਅਤੇ ਉਸ ਸਮੇਂ ਬੈਰਕ ਦੀ ਜਾਂਚ ਕੀਤੀ ਗਈ ਸੀ। ਪਰ ਪੁਲਿਸ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮਾਂ ਨੇ ਮੋਬਾਈਲ ਫ਼ੋਨ ਤੋੜ ਦਿੱਤਾ ਸੀ।
ਟੁੱਟੀ ਸਕਰੀਨ ਵਾਲਾ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਗਿਆ ਅਤੇ ਮਨੀ ਰਾਣਾ ਖ਼ਿਲਾਫ਼ ਥਾਣਾ ਡਿਵੀਜ਼ਨ ਸੱਤ ਵਿੱਚ ਕੇਸ ਦਰਜ ਕਰ ਲਿਆ ਗਿਆ। ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਦੇ ਹੁਕਮਾਂ ’ਤੇ ਮਾਮਲੇ ਦੀ ਜਾਂਚ ਡੀਆਈਜੀ ਪਟਿਆਲਾ ਰੇਂਜ ਨੂੰ ਸੌਂਪ ਦਿੱਤੀ ਗਈ ਹੈ। ਉਹ ਤਿੰਨ ਦਿਨਾਂ ਵਿੱਚ ਆਪਣੀ ਰਿਪੋਰਟ ਸੌਂਪਣਗੇ। ਬੈਰਕ ‘ਚ ਕੌਣ-ਕੌਣ ਡਿਊਟੀ ‘ਤੇ ਸੀ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।
ਆਈਜੀ ਜੇਲ੍ਹ ਆਰ.ਕੇ ਅਰੋੜਾ ਨੇ ਦੱਸਿਆ ਕਿ ਪਹਿਲਾਂ 2ਜੀ ਜੈਮਰ ਸਨ ਅਤੇ ਉਸ ਸਮੇਂ 3ਜੀ ਤਕਨੀਕ ਆਈ ਸੀ। ਇਸ ਤੋਂ ਬਾਅਦ ਜੈਮਰ ਨੂੰ 3ਜੀ ਵਿੱਚ ਅਪਗ੍ਰੇਡ ਕੀਤਾ ਗਿਆ ਅਤੇ 4ਜੀ ਸਿਮ ਦੀ ਤਕਨੀਕ ਆਈ। ਹੁਣ 5ਜੀ ਸਿਮ ਆ ਗਿਆ ਹੈ। ਇਸ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕਈ ਜੇਲ੍ਹਾਂ ਦੇ ਆਲੇ-ਦੁਆਲੇ ਕਾਫ਼ੀ ਰਿਹਾਇਸ਼ੀ ਖੇਤਰ ਹਨ। ਮੋਬਾਈਲ ਬਾਹਰ ਸੁੱਟ ਦਿੱਤਾ ਜਾਂਦਾ ਹੈ। ਜੇਲ੍ਹ ਵਿਭਾਗ ਨੇ ਕਈ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਹਨ।