ਕੇਂਦਰ ਸਰਕਾਰ ‘ਚ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਆਪਣੇ ਸ਼ਹਿਰ ਫਗਵਾੜਾ ‘ਚ ਨਗਰ ਨਿਗਮ ਵੱਲੋਂ ਕੌਮੀ ਝੰਡੇ ਨੂੰ ਲੈ ਕੇ ਅਜੀਬੋ-ਗਰੀਬ ਵਤੀਰਾ ਅਪਣਾਇਆ ਜਾ ਰਿਹਾ ਹੈ।
ਗੱਲ ਸੁਣਨ ਅਤੇ ਪੜ੍ਹਨ ‘ਚ ਭਾਵੇਂ ਹੈਰਾਨ ਕਰਨ ਵਾਲੀ ਜਾਪੇ ਪਰ ਇਹ ਹਕੀਕਤ ਹੈ ਕਿ ਫਗਵਾੜਾ ‘ਚ ਸਰਕਾਰੀ ਪੱਧਰ ‘ਤੇ ਲੱਖਾਂ ਰੁਪਏ ਦਾ ਖ਼ਰਚਾ ਕਰਕੇ ਸਥਾਨਕ ਰੈਸਟ ਹਾਊਸ ਦੇ ਲਾਗੇ ਖ਼ਾਸ ਤੌਰ ‘ਤੇ ਬਣਾਏ ਗਏ ਕੌਮੀ ਝੰਡਾ ਸਥਾਨ ‘ਤੇ ਬੀਤੇ ਲੰਮੇ ਸਮੇਂ ਤੋਂ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਕੌਮੀ ਝੰਡਾ ਹੀ ਗਾਇਬ ਹੈ। ਫਗਵਾੜਾ ਫਲਾਈਓਵਰ ਤੋਂ ਇਹ ਸਥਾਨ ਜਦੋਂ ਵੇਖਣ ਨੂੰ ਮਿਲਦਾ ਹੈ ਤਾਂ ਉੱਥੇ ਸਿਰਫ਼ ਲੰਬਾ ਪੋਲ ਬਿਨਾਂ ਕੌਮੀ ਝੰਡੇ ਤੋਂ ਦਿੱਸਦਾ ਹੈ, ਜਿਸ ਨੂੰ ਲੈ ਕੇ ਫਗਵਾੜਾ ਦੇ ਵਸਨੀਕਾਂ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਫਗਵਾੜਾ ‘ਚ ਆਉਣ ਵਾਲੇ ਲੋਕਾਂ ‘ਚ ਇਹ ਗੱਲ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖ਼ਰ ਸਰਕਾਰ ਵੱਲੋਂ ਲੱਖਾਂ ਰੁਪਏ ਦਾ ਖਰਚਾ ਕਰਕੇ ਬਣਾਏ ਗਏ ਇਸ ਕੌਮੀ ਝੰਡੇ ਸਥਾਨ ਨੂੰ ਕੌਮੀ ਝੰਡੇ ਤੋਂ ਵਾਂਝਾ ਕਿਉਂ ਰੱਖਿਆ ਗਿਆ ਹੈ