ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ‘ਤੇ ਗੌਰ ਕਰਨਗੇ ਕਿ ‘ਨਸ਼ੇ ‘ਚ ਹੋਣ ਕਾਰਨ’ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਹਵਾਈ ਅੱਡੇ ‘ਤੇ ਦਿੱਲੀ ਆਉਣ ਵਾਲੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ।
ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਤੱਥਾਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਸੀ ਕਿ ਸ੍ਰੀ ਮਾਨ ਨੂੰ ਫਰੈਂਕਫਰਟ ਹਵਾਈ ਉਡਾਣ ਤੋਂ ਇਸ ਲਈ ਲਾਹਿਆ ਗਿਆ ਸੀ ਕਿਉਂਕਿ ਉਹ ਨਸ਼ੇ ਵਿਚ ਸਨ।
ਸਿੰਧੀਆ ਨੇ ਪੱਤਰਕਾਰਾਂ ਨੂੰ ਕਿਹਾ, “ਇਹ ਕਥਿਤ ਘਟਨਾ ਅੰਤਰਰਾਸ਼ਟਰੀ ਧਰਤੀ ‘ਤੇ ਵਾਪਰੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਤੱਥਾਂ ਦੀ ਪੁਸ਼ਟੀ ਕਰਦੇ ਹਾਂ। ਵੇਰਵੇ ਪ੍ਰਦਾਨ ਕਰਨਾ ਏਅਰਲਾਈਨ ਲੁਫਥਾਂਸਾ ‘ਤੇ ਨਿਰਭਰ ਕਰਦਾ ਹੈ। ਮੈਂ ਯਕੀਨੀ ਤੌਰ ‘ਤੇ ਉਸ ਬੇਨਤੀ ਨੂੰ ਦੇਖਾਂਗਾ ਜੋ ਮੈਨੂੰ ਭੇਜੀ ਗਈ ਹੈ।
ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫਿਰ ਆਖਿਆ ਹੈ ਕਿ ਭਗਵੰਤ ਮਾਨ ਫਲਾਈਟ ‘ਚ ਡਿੱਗ ਰਿਹਾ ਸੀ, ਜਹਾਜ਼ ‘ਚ ਬੈਠੇ ਯਾਤਰੀ ਨਾਲ ਮੇਰੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯਾਤਰੀਆਂ ਨਾਲ ਮੇਰੀ ਗੱਲ ਹੋਈ ਹੈ, ਉਹ ਜ਼ਿੰਮੇਵਾਰ ਬੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੈਂ ਆਪਣੀ ਸੀਟ ਉਤੇ ਬੈਠਾ ਸੀ। ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਜਹਾਜ਼ ਵਿਚ ਦਾਖਲ ਹੋਏ।
ਭਗਵੰਤ ਮਾਨ ਡਿੱਗ ਰਿਹਾ ਸੀ। ਇਸ ਤੋਂ ਬਾਅਦ ਡਿੱਗਦਾ-ਡਿੱਗਦਾ ਆਪਣੀ ਸੀਟ ਉਤੇ ਪਹੁੰਚਿਆ।