ਖਾਲਸਾ ਪੰਥ ਦੇ ਪਾਵਨ ਅਸਥਾਨ, ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਸਿੱਖ ਪਰੰਪਰਾਵਾਂ, ਸਿੱਖੀ ਸਿਧਾਂਤਾਂ ਤੇ ਪੂਰੀ ਤਰ੍ਹਾਂ ਖਾਲਸਾਈ ਜਾਹੋ ਜਲਾਲ ਨਾਲ ਹੋਲੇ ਮਹੱਲੇ ਦੀ ਅਰੰਭਤਾ ਹੋ ਗਈ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਅਸਥਾਨ ‘ਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਅਰਦਾਸ ਕਰ ਕੇ ਜੈਕਾਰਿਆਂ ਦੀ ਗੂੰਜ ਵਿਚ ਹੋਲੇ ਮਹੱਲੇ ਦੀ ਅਰੰਭਤਾ ਕਰ ਦਿੱਤੀ ਗਈ।
ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਲ 1757 ਵਿੱਚ ਹੋਲੀ ਦੇ ਅਗਲੇ ਦਿਨ ਹੋਲਾ-ਮੁਹੱਲਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ। ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਗੜ੍ਹ ਨਾਮਕ ਸਥਾਨ ‘ਤੇ ਹੋਲੇ ਮੁਹੱਲੇ ਦੀ ਪਰੰਪਰਾ ਸ਼ੁਰੂ ਕੀਤੀ। ਮੁਹੱਲਾ ਦੋ ਸ਼ਬਦਾਂ, ਮ-ਹੱਲਾ ਤੋਂ ਬਣਿਆ ਹੈ।
ਹੋਲਾ ਮੁਹੱਲਾ ਇੱਕ ਬਨਾਵਟੀ ਹਮਲਾ ਹੈ, ਜਿਸ ਵਿੱਚ ਪੈਦਲ ਅਤੇ ਘੋੜੇ ਉੱਤੇ ਹਥਿਆਰਾਂ ਨਾਲ ਲੈਸ ਨਿਹੰਗ ਦੋ ਗਰੁੱਪ ਬਣਾ ਕੇ ਇੱਕ ਦੂਜੇ ਉੱਤੇ ਹਮਲਾ ਕਰਦੇ ਹਨ। ਹੋਲੇ ਮੁਹੱਲੇ ਦੀ ਸ਼ੁਰੂਆਤ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਸਮੂਹ ਨਿਰਮਲ ਭੇਖ ਵੱਲੋਂ ਹੋਲਾ ਮਹੱਲਾ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸੁੰਦਰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਨਿਰਮਲ ਭੇਖ ਦੇ ਸੰਤ ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।
ਦੂਜੇ ਪਾਸੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ, ਕਿਲ੍ਹਾ ਫ਼ਤਹਿਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ, ਗੁਰਦੁਆਰਾ ਮਾਤਾ ਜੀਤੋ ਜੀ, ਗੁਰਦੁਆਰਾ ਭਾਈ ਜੈਤਾ ਜੀ ਅਤੇ ਹੋਰ ਗੁਰਦੁਆਰਿਆਂ ਵਿੱਚ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ
ਇਸ ਤੋਂ ਪਹਿਲਾਂ ਹੋਲਾ ਮਹੱਲਾ ਪਹਿਲੇ ਤਿੰਨ ਦਿਨ ਕੀਰਤਪੁਰ ਸਾਹਿਬ ਵਿਖੇ ਮਨਾਇਆ ਗਿਆ ਸੀ। ਅੱਜ ਇਸ ਪਾਵਨ ਤਿਉਹਾਰ ਦੇ ਪਹਿਲੇ ਦਿਨ ਸੰਗਤਾਂ ਲੱਖਾਂ ਦੀ ਤਾਦਾਦ ’ਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂਘਰਾਂ ਵਿਚ ਨਤਮਸਤਕ ਹੋਈਆਂ।
ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣ ਤੋ ਬਾਅਦ ਤਖ਼ਤ ਸ਼੍ਰੀ ਕੇਸਗੜ ਸਾਹਿਬ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਸੰਨ 1700 ਵਿਚ ਦਸਮ ਪਾਤਸ਼ਾਹ ਨੇ ਸਿੰਘਾਂ ਵਿਚ ਜੋਸ਼ ਪੈਦਾ ਕਰਨ ਲਈ ਹੋਲੇ ਮਹੱਲੇ ਦੀ ਅਰੰਭਤਾ ਕੀਤੀ ਸੀ, ਹੋਲੇ ਦਾ ਹੋਲੀ ਨਾਲ ਕੋਈ ਸਬੰਧ ਨਹੀਂ। ਗੁਰੂ ਸਾਹਿਬ ਨੇ ਸਿੱਖਾਂ ਦਾ ਨਿਆਰਾਪਨ ਕਾਇਮ ਰੱਖਣ ਅਤੇ ਖ਼ਾਲਸੇ ਦੀ ਚੜ੍ਹਦੀ ਕਲਾ ਲਈ ਹੋਲੇ ਮਹੱਲੇ ਮੌਕੇ ਜੰਗਜੂ ਕਰਤੱਬ ਕਰਨੇ, ਘੋੜ ਸਵਾਰੀ ਅਤੇ ਸ਼ਸਤਰ ਵਿਦਿਆ ਦੇ ਅਭਿਆਸ ਕਰਨ ਦੇ ਹੁਕਮ ਦਿਤੇ ਸਨ। ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੇ ਸਿੱਖਾਂ ਨੂੰ ਅੰਮ੍ਰਿਤਧਾਰੀ ਹੋਣ ਦਾ ਹੁਕਮ ਕੀਤਾ ਸੀ ਪਰ ਇਹ ਅਫਸੋਸ ਦੀ ਗੱਲ ਹੈ ਕਿ ਅੱਜ ਬਹੁਤੇ ਨੌਜਵਾਨ ਫੈਸ਼ਨ ਦੇ ਦੌਰ ਵਿਚ ਵਿਚਰਦਿਆਂ ਗੁਰੂ ਹੁਕਮਾਂ ਨੂੰ ਭੁੱਲ ਕੇ ਆਪਣੀ ਸਰਦਾਰੀ ਦੇ ਆਪ ਕਾਤਲ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਹੁਕਮਾਂ ਮੁਤਾਬਿਕ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਨਣਾ ਚਾਹੀਦਾ ਹੈ।