ਕੈਨੇਡਾ ‘ਚ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਕੈਨੇਡੀਅਨ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ 6 ਅਕਤੂਬਰ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ‘ਤੇ ਹਫ਼ਤਾਵਾਰੀ ਪਾਬੰਦੀ ਹਟਾਉਣ ਲਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪੰਦਰਾਂ ਨਵੰਬਰ 2022 ਤੋਂ ਲੈ ਕੇ 31 ਦਸੰਬਰ , 2023 ਤਕ ਵਿਦੇਸ਼ੀ ਵਿਦਿਆਰਥੀਆਂ ਲਈ ਬਹੁਤ ਹੀ ਫ਼ਾਇਦੇਮੰਦ ਸਾਬਿਤ ਹੋਵੇਗਾ।
ਇਸ ਸਮੇਂ ਕੈਨੇਡਾ ’ਚ ਕਾਮਿਆਂ ਦੀ ਬਹੁਤ ਵੱਡੀ ਪੱਧਰ ’ਤੇ ਘਾਟ ਪਾਈ ਜਾ ਰਹੀ ਹੈ, ਜਿਸ ਨੂੰ ਪੂਰਾ ਕਰਨ ਲਈ ਕੈਨੇਡਾ ਸਰਕਾਰ ਨੂੰ ਕੁਝ ਨਾ ਕੁਝ ਬਹੁਤ ਛੇਤੀ ਕਰਨ ਦੀ ਲੋੜ ਸੀ। ਇਸ ਨੂੰ ਮੱਦੇਨਜ਼ਰ ਰੱਖਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜ਼ਰ ਨੇ ਐਲਾਨ ਕੀਤਾ ਹੈ ਕਿ ਜੋ ਵਿਦੇਸ਼ੀ ਵਿਦਿਆਰਥੀ ਹਨ ਤੇ ਕੈਨੇਡਾ ’ਚ ਪਹਿਲਾਂ ਪੜ੍ਹਾਈ ਦੇ ਨਾਲ-ਨਾਲ 20 ਘੰਟੇ ਕੰਮ ਕਰ ਸਕਦੇ ਹਨ, ਉਨ੍ਹਾਂ ਲਈ 15 ਨਵੰਬਰ ਤੋਂ ਇਹ ਪਾਬੰਦੀ ਹਟਾ ਕੇ ਜਿੰਨੇ ਵੀ ਉਹ ਘੰਟੇ ਕੰਮ ਕਰਨਾ ਚਾਹੁੰਦੇ ਹੋਣ, ਉਹ ਕਰ ਸਕਦੇ ਹਨ।
ਪਿਛਲੇਂ ਸਾਲਾਂ ’ਚ ਬਹੁਤ ਸਾਰੇ ਵਿਦਿਆਰਥੀਆਂ ਨੇ ਪੈਸੇ ਅਤੇ ਕੰਮ ਦੀ ਘਾਟ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਤੇ ਕਈਆਂ ਨੇ ਖ਼ੁਦਕੁਸ਼ੀਆਂ ਵੀ ਕੀਤੀਆਂ ਹਨ। ਅਜਿਹੀ ਸਥਿਤੀ ’ਚ ਕੈਨੇਡਾ ਸਰਕਾਰ ਦਾ ਇਹ ਫ਼ੈਸਲਾ ਉਨ੍ਹਾਂ ਲਈ ਬਹੁਤ ਫ਼ਾਇਦੇਮੰਦ ਸਾਬਿਤ ਹੋਵੇਗਾ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਵਧੇਰੇ ਕੰਮ ਕਰਨ ਦੀ ਆਗਿਆ ਦੇਣਾ ਦੇਸ਼ ਭਰ ’ਚ ਬਹੁਤ ਸਾਰੇ ਖੇਤਰਾਂ ’ਚ ਦਬਾਅ ਦੀਆਂ ਲੋੜਾਂ ਨੂੰ ਸੌਖਾ ਬਣਾਉਣ ’ਚ ਇਕ ਵੱਡੀ ਮਦਦ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡੀਅਨ ਕੰਮ ਦਾ ਤਜਰਬਾ ਹਾਸਲ ਕਰਨ ਅਤੇ ਕੈਨੇਡਾ ਦੀ ਕੁਝ ਸਮੇਂ ਦੀ ਰਿਕਵਰੀ ’ਚ ਯੋਗਦਾਨ ਪਾਉਣ ਲਈ ਵਧੇਰੇ ਮੌਕੇ ਪ੍ਰਦਾਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ।
ਪਹਿਲਾਂ ਦੇ ਕਾਨੂੰਨ ਮੁਤਾਬਿਕ ਆਈਆਰਸੀਸੀ ਦੀ ਵੈੱਬਸਾਈਟ ਅਨੁਸਾਰ ਇਕ ਅੰਤਰਰਾਸ਼ਟਰੀ ਵਿਦਿਆਰਥੀ ਜੋ ਹਫ਼ਤੇ ’ਚ 20 ਘੰਟੇ ਤੋਂ ਵੱਧ ਕੰਮ ਕਰਦਾ ਹੈ, ਉਨ੍ਹਾਂ ਦੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ। ਇਸ ਨਾਲ ਕੋਈ ਪਰਵਾਸੀ ਕੈਨੇਡਾ ’ਚ ਆਪਣਾ ਵਿਦਿਆਰਥੀ ਦਰਜਾ ਗੁਆ ਸਕਦਾ ਹੈ, ਉਸ ਨੂੰ ਦੇਸ਼ ਛੱਡਣ ਲਈ ਕਿਹਾ ਜਾ ਸਕਦਾ ਹੈ ਤੇ ਕਦੇ ਕੈਨੇਡਾ ’ਚ ਦੁਬਾਰਾ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਦਰਾਂ ਨਵੰਬਰ, 2022 ਤੋਂ 31 ਦਸੰਬਰ, 2023 ਤਕ ਚੱਲਣ ਵਾਲੇ ਪਰਖ ਪ੍ਰਾਜੈਕਟ ਨਾਲ ਉਹ ਇੱਥੇ ਸੁਰੱਖਿਅਤ ਰਹਿਣਗੇ। ਭਾਵੇਂ ਉਹ ਪੂਰਾ ਸਮਾਂ ਭਾਵ 40 ਘੰਟੇ ਕੰਮ ਕਰਦੇ ਹਨ ਤਾਂ ਵੀ ਉਹ ਕੈਨੇਡਾ ’ਚ ਮਹਿਫ਼ੂਜ਼ ਹਨ। ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਥਾਨਕ ਮੁਲਾਜ਼ਮਾਂ ਲਈ ਸੁਰੱਖਿਆਵਾਦ ਕਾਰਨ ਹਫ਼ਤੇ ’ਚ ਸਿਰਫ਼ 20 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਕਿਉਂਕਿ ਸਮੇਂ-ਸਮੇਂ ’ਤੇ ਬਹੁਤ ਸਾਰੇ ਕੈਨੇਡੀਅਨ ਇਕ ਬਹੁਤ ਹੀ ਢੁੱਕਵਾਂ ਸਵਾਲ ਪੁੱਛਦੇ ਸਨ ਕਿ ਇਨ੍ਰਾਂ ਵਿਦਿਆਰਥੀਆਂ ਨੂੰ ਪੂਰਾ ਸਮਾਂ ਨੌਕਰੀਆਂ ਕਿਉਂ ਦਿੱਤੀਆਂ ਜਾਂਦੀਆਂ ਹਨ, ਜੋ ਆਮ ਕੈਨੇਡੀਅਨ ਲੋਕਾਂ ਦੀਆਂ ਨੌਕਰੀਆਂ ’ਤੇ ਲੱਤ ਮਾਰਨ ਦੇ ਬਰਾਬਰ ਸੀ।
ਜਿਨ੍ਹਾਂ ਕੋਲ ਸਕੂਲ ਜਾਂ ਕਾਲਜ ਜਾਣ ਲਈ ਸਿਰਫ਼ ਅਧਿਕਾਰਤ ਪ੍ਰਵਾਨਗੀ ਹੈ, ਉਹ ਵੀ ਵਿਦਿਆਰਥੀ ਹਨ। ਉਹ ਇੱਥੇ ਪੜ੍ਹਾਈ ਲਈ ਹਨ, ਇੱਥੇ ਕੰਮ ਕਰਨ ਲਈ ਨਹੀਂ । ਜੇ ਉਹ ਪੂਰਾ ਸਮਾਂ ਕੰਮ ਕਰਨ ਲਈ ਕੈਨੇਡਾ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਰਕ ਵੀਜ਼ਾ ਲੈਣ ਦੀ ਲੋੜ ਹੈ।
ਕਈ ਵਿਦਿਆਰਥੀ ਇਸ ਗੱਲ ਤੋਂ ਬੇਖ਼ਬਰ ਹੁੰਦੇ ਹਨ ਕਿ 20 ਘੰਟੇ ਤੋਂ ਵੱਧ ਕੰਮ ਕਰ ਲਓ, ਕਿਸੇ ਨੂੰ ਕਿਵੇਂ ਪਤਾ ਲੱਗੇਗਾ ਤੇ ਆਪਣੀ ਨਿੱਜੀ ਟੈਕਸ ਰਿਟਰਨ ਫਾਈਲ ਨਹੀਂ ਕਰਦੇ , ਉਨ੍ਹਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਦਾ ਮਾਲਕ ਹਰ ਫਰਵਰੀ ਦੇ ਅੰਤ ਤਕ ਕੈਨੇਡਾ ਰੈਵੇਨਿਊ ਏਜੰਸੀ ਕੋਲ ਆਪਣੀ ਆਮਦਨ ਦਾ ਖੁਲਾਸਾ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਸੀਆਰਏ ਹਰ ਹਫ਼ਤੇ 20 ਘੰਟੇ ਕੰਮ ਕਰਦਿਆਂ ਉਨ੍ਹਾਂ ਦੀਆਂ ਸੰਭਾਵੀ ਕਮਾਈਆਂ ਬਾਰੇ ਜਾਣੂ ਹੋ ਜਾਂਦਾ ਹੈ। ਕੈਨੇਡਾ ਸਰਕਾਰ ਉਸ ਕੰਪਨੀ ਵਾਲੇ ਤੋਂ ਸਾਰੀ ਜਾਣਕਾਰੀ ਮੰਗਵਾ ਲੈਂਦੀ ਹੈ। ਕੰਪਨੀ ਵਾਲੇ ਕਿਸੇ ਦੀ ਵੀ ਜਾਣਕਾਰੀ ਲੁਕਾਉਂਦੇ ਨਹੀਂ ਹਨ। ਉਨ੍ਹਾਂ ਕੋਲ ਸਭ ਜਾਣਕਾਰੀ ਚਲੀ ਜਾਂਦੀ ਹੈ, ਜੋ ਇਹ ਸਾਬਿਤ ਕਰਦੀ ਹੈ ਕਿ ਕਿਸ-ਕਿਸ ਵਿਦਿਆਰਥੀ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਦੀ ਸੂਚਨਾ ਇਮੀਗ੍ਰੇਸ਼ਨ ਕੈਨੇਡਾ ਨੂੰ ਦੇ ਦਿੱਤੀ ਜਾਂਦੀ ਹੈ । ਉਨ੍ਹਾਂ ਦਾ ਸਟੱਡੀ ਪਰਮਿਟ ਰੱਦ ਕਰ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਕੈਨੇਡਾ ਤੋਂ ਵਪਿਸ ਭੇਜ ਦਿੱਤਾ ਜਾਂਦਾ ਹੈ। ਨਾਲ ਹੀ ਅੱਗੇ ਲਈ ਉਨ੍ਹਾਂ ’ਤੇ ਕੈਨੇਡਾ ’ਚ ਪੜ੍ਹਾਈ ਕਰਨ ਲਈ ਆਉਣ ’ਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਹੈ।
ਇਸ ਤਰ੍ਹਾਂ ਦੀਆਂ ਕੰਪਨੀਆਂ ਤੇ ਏਜੰਸੀਆਂ ਵੀ ਹਨ, ਜੋ ਇਨ੍ਹਾਂ ਵਿਦਿਆਰਥੀਆਂ ਦਾ ਸ਼ੋਸ਼ਣ ਕਰਦੀਆਂ ਹਨ। ਇਨ੍ਹਾਂ ਨੂੰ ਘੱਟ ਪੈਸੇ ’ਤੇ ਰੱਖ ਕੇ ਨਕਦੀ ਦੇ ਕੇ ਆਪਣੇ ਗੱਫੇ ਲਾਏ ਜਾਂਦੇ ਹਨ। ਇਹ ਏਜੰਸੀਆਂ ਪਿੱਛੋਂ ਕੰਪਨੀਆਂ ਤੋਂ 20-20 ਡਾਲਰ ਘੰਟੇ ਦੇ ਲੈ ਕੇ ਇਨ੍ਹਾਂ ਵਿਦਿਆਰਥੀਆਂ ਨੂੰ 13-14 ਡਾਲਰ ਹੀ ਦਿੰਦੀਆਂ ਹਨ ਤੇ ਇਹ ਕੈਸ਼ ਕੰਮ ਹੋਣ ਕਾਰਨ ਜਿੰਨੇ ਮਰਜ਼ੀ ਘੰਟੇ ਲਾ ਦੇਣ, ਇਸ ਦਾ ਕੈਨੇਡਾ ਸਰਕਾਰ ਨੂੰ ਕੋਈ ਹਿਸਾਬ-ਕਿਤਾਬ ਨਹੀਂ ਦਿੱਤਾ ਜਾਂਦਾ। ਇਹ ਇਕ ਤਰ੍ਹਾਂ ਨਾਲ ਸਰਕਾਰ ਨਾਲ ਧੋਖਾਧੜੀ ਹੈ ਕਿਉਂਕਿ ਸਰਕਾਰ ਨੂੰ ਕੋਈ ਟੈਕਸ ਅਦਾ ਨਹੀਂ ਕੀਤਾ ਜਾਂਦਾ ।
ਇਸ ਐਲਾਨ ਨਾਲ ਜੋ ਪਹਿਲਾਂ ਨਕਦੀ ਲਈ ਟੇਬਲ ਹੇਠ ਦੀ ਵੱਧ ਤੋਂ ਵੱਧ ਘੰਟੇ ਲਾ ਕੇ ਪੈਸਾ ਬਣਾਉਂਦੇ ਸਨ, ਉਹ ਹੁਣ ਆਮ ਕੈਨੇਡੀਅਨ ਦੀ ਤਰ੍ਹਾਂ ਆਪਣੀ ਮਰਜ਼ੀ ਮੁਤਾਬਿਕ ਘੰਟੇ ਲਾ ਕੇ ਪੈਸਾ ਕਮਾ ਸਕਦੇ ਹਨ। ਉਨ੍ਹਾਂ ਨੂੰ ਫੜ੍ਹੇ ਜਾਣ ਜਾਂ ਵਾਪਸ ਭੇਜਣ ਦਾ ਕੋਈ ਡਰ ਨਹੀਂ ਰਹੇਗਾ।
ਕੈਨੇਡਾ ਦੇ ਚੱਲ ਰਹੇ ਵੀਜ਼ਾ ਬੈਕਲਾਗ ਦੀ ਰੋਸ਼ਨੀ ’ਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜ਼ਰ ਨੇ ਇਕ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ, ਜੋ ਯੋਗ ਸਟੱਡੀ ਪਰਮਿਟ ਅਰਜ਼ੀਆਂ ਨੂੰ ਆਪਣੇ ਆਪ ਮਨਜ਼ੂਰ ਕਰੇਗਾ। ਫਰੇਜ਼ਰ ਅਨੁਸਾਰ 5 ਲੱਖ ਤੋਂ ਵੱਧ ਵਿਦਿਆਰਥੀ ਪ੍ਰੋਗਰਾਮ ਲਈ ਯੋਗ ਹੋਣਗੇ।
ਫਰੇਜ਼ਰ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਸਾਡੇ ਦੇਸ਼ ਦੇ ਸਮਾਜਿਕ ਤਾਣੇ-ਬਾਣੇ, ਆਰਥਿਕ ਜੀਵਨ ਸ਼ਕਤੀ ਤੇ ਸੱਭਿਆਚਾਰਕ ਜੀਵਨਸ਼ੀਲਤਾ ’ਚ ਸ਼ਾਨਦਾਰ ਯੋਗਦਾਨ ਪਾਉਂਦੇ ਹਨ। ਉਹ ਅਰਬਾਂ ਦੀ ਕੈਨੇਡੀਅਨ ਆਰਥਿਕਤਾ ਦੀ ਮਦਦ ਕਰਦੇ ਹਨ ਤੇ ਨਾਜ਼ੁਕ ਹੁਨਰ ਦੀ ਘਾਟ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਵਿਦੇਸ਼ੀ ਵਿਦਿਆਰਥੀ ਪ੍ਰੋਗਰਾਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਹੋਰ ਕੁਝ ਕਰਦੇ ਰਹਿਣਾ ਚਾਹੀਦਾ ਹੈ। ਇਹ ਨੀਤੀ ਵਿਦੇਸ਼ੀ ਵਿਦਿਆਰਥੀਆਂ ਦੀ ਕੈਨੇਡਾ ’ਚ ਆਪਣੇ ਬੁਨਿਆਦੀ ਜੀਵਨ ਖ਼ਰਚਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਨੂੰ ਸਹੂਲਤ ਦੇਵੇਗੀ ਤੇ ਉਨ੍ਹਾਂ ਦਾ ਉਦੇਸ਼ ਉਨ੍ਹਾਂ ਦੀ ਪੜ੍ਹਾਈ ਤੋਂ ਧਿਆਨ ਭਟਕਾਉਣ ਵਾਲੇ ਰੁਜ਼ਗਾਰ ਲੈਣ ਤੋਂ ਰੋਕਣਾ ਹੈ ਪਰ ਕੈਨੇਡਾ ’ਚ 9 ਮਿਲੀਅਨ ਤੋਂ ਵੱਧ ਆਸਾਮੀਆਂ ਖ਼ਾਲੀ ਹਨ। ਸਰਕਾਰ ਨੇ ਅਗਲੇ ਡੇਢ ਸਾਲ ਲਈ ਅਸਥਾਈ ਤੌਰ ’ਤੇ ਇਸ ਨਿਯਮ ਨੂੰ ਬਦਲ ਦਿੱਤਾ ਹੈ।
ਕੈਨੇਡਾ ਦੇ ਨਾਗਰਿਕ ਬਣਨ ਵਾਲੇ ਬਹੁਤ ਸਾਰੇ ਵਿਦੇਸ਼ੀ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਦੇਸ਼ ’ਚ ਆਏ, ਜਿਨ੍ਹਾਂ ਨੇ ਪਿਛਲੇ ਸਮੇਂ ’ਚ ਵਧੀਆ ਕੰਮ ਕੀਤਾ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਦੇ ਵਿਦਿਆਰਥੀ ਜਿਨ੍ਹਾਂ ਨੇ ਅਸਥਾਈ ਵੀਜ਼ਿਆਂ ’ਤੇ ਕੈਨੇਡਾ ’ਚ ਪੜ੍ਹਾਈ ਕੀਤੀ ਹੈ, ਸਥਾਈ ਨਿਵਾਸ ਪ੍ਰਾਪਤ ਕਰਨ ਤੋਂ ਬਾਅਦ ਸਫਲਤਾ ਪ੍ਰਾਪਤ ਕਰਨ ਦੀ ਜ਼ਿਆਦਾ ਸੰਭਾਵਨਾ ਹੈ। ਗ੍ਰੈਜੂਏਟ ਹੋਣ ਤੋਂ ਬਾਅਦ ਕੈਨੇਡੀਅਨ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਹੁੰਦੇ ਹਨ, ਜੋ ਉਨ੍ਹਾਂ ਨੂੰ ਦੇਸ਼ ’ਚ ਕਿਸੇ ਵੀ ਕੰਪਨੀ ’ਚ ਤਿੰਨ ਸਾਲਾਂ ਤਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਫਰੇਜ਼ਰ ਨੇ ਹੋਰ ਅਸਥਾਈ ਨਿਵਾਸੀਆਂ ਨੂੰ ਨਾਗਰਿਕ ਬਣਨ ’ਚ ਮਦਦ ਕਰਨ ਲਈ ਸਤੰਬਰ ’ਚ ਇਕ ਯੋਜਨਾ ਪੇਸ਼ ਕੀਤੀ। ਇਹ ਯੋਜਨਾ 2023-2025 ਲਈ ਸੋਧੇ ਇਮੀਗ੍ਰੇਸ਼ਨ ਪੱਧਰ ਯੋਜਨਾ ਦਾ ਹਿੱਸਾ ਹੈ, ਜੋ ਪਹਿਲੀ ਨਵੰਬਰ ਨੂੰ ਜਾਰੀ ਕੀਤੀ ਜਾਵੇਗੀ