IndiaPunjab

ਕੈਨੇਡਾ ‘ਚ ਬੱਸ ਵਿਚ ਸਵਾਰ ਸਕੂਲ ਤੋਂ ਘਰ ਜਾ ਰਹੇ ਸਿੱਖ ਵਿਦਿਆਰਥੀ ‘ਤੇ ਹਮਲਾ

ਕੈਨੇਡਾ ਆਏ ਸਿੱਖ ਵਿਦਿਆਰਥੀ ‘ਤੇ ਹਮਲਾ ਹੋਣ ਦਾ ਸੰਜੀਦਾ ਮਾਮਲਾ ਸਾਹਮਣੇ ਆਇਆ ਹੈ। 11ਵੀਂ ਵਿਚ ਪੜ੍ਹਦਾ ਸਿੱਖ ਵਿਦਿਆਰਥੀ ਸਕੂਲ ਤੋਂ ਘਰ ਜਾ ਰਿਹਾ ਸੀ ਜਦੋਂ ਬੀ.ਸੀ. ਟ੍ਰਾਂਜ਼ਿਟ ਦੀ ਬੱਸ ਵਿਚ ਸਵਾਰ ਦੋ ਜਣਿਆਂ ਨੇ ਹਮਲਾ ਕੀਤਾ ਅਤੇ ਬੱਸ ਡਰਾਈਵਰ ਨੇ ਇਨ੍ਹਾਂ ਨੂੰ ਰੋਕਣਾ ਵਾਜਬ ਨਾ ਸਮਝਿਆ।

 

ਸਿੱਖ ਵਿਦਿਆਰਥੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਕੈਲੋਨਾ ਆਰ.ਸੀ.ਐਮ.ਪੀ. ਦੇ ਅਫਸਰ ਮਾਈਕਲ ਗਾਊਥੀਅਰ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਅੱਲ੍ਹੜ ਉਮਰ ਦੇ ਸ਼ੱਕੀ ਦੀ ਪਛਾਣ ਹੋ ਚੁੱਕੀ ਹੈ। ਉਧਰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਕ ਬਿਆਨ ਜਾਰੀ ਕਰਦਿਆਂ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਸਿੱਖ ਵਿਦਿਆਰਥੀ ਨੂੰ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਉਸ ਉਪਰ ਹਮਲਾ ਕਿਉਂ ਹੋਇਆ।

ਰਟਲੈਂਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨਾਲ ਵਾਪਰੀ ਘਟਨਾ ਬਾਰੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਦੱਸਿਆ ਕਿ ਬੱਸ ਵਿਚ ਦੋ ਜਣਿਆਂ ਨੇ ਲਾਈਟਰ ਨਾਲ ਅੱਗ ਬਾਲ ਕੇ ਉਸ ਨੂੰ ਧਮਕਾਇਆ ਅਤੇ ਸਾਰੇ ਘਟਨਾਕ੍ਰਮ ਦੀ ਵੀਡੀਓ ਰਿਕਾਰਡਿੰਗ ਵੀ ਕਰਦੇ ਰਹੇ। ਸਿੱਖ ਵਿਦਿਆਰਥੀ ਨੇ ਦੋਹਾਂ ਤੋਂ ਪਾਸਾ ਵੱਟਣ ਦਾ ਯਤਨ ਕੀਤਾ ਤਾਂ ਬੱਸ ਦੇ ਡਰਾਈਵਰ ਸਾਹਮਣੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।

ਜਥੇਬੰਦੀ ਦੀ ਬੀ.ਸੀ. ਇਕਾਈ ਦੇ ਮੀਤ ਪ੍ਰਧਾਨ ਅਮਨ ਸਿੰਘ ਹੁੰਦਲ ਨੇ ਕਿਹਾ ਕਿ ਬੱਸ ਡਰਾਈਵਰ ਨੇ ਹਮਲਾਵਰਾਂ ਦੇ ਨਾਲ ਪੀੜਤ ਨੂੰ ਵੀ ਬੱਸ ਵਿਚੋਂ ਉਤਾਰ ਦਿਤਾ ਜਿਸ ਮਗਰੋਂ ਸਿੱਖ ਵਿਦਿਆਰਥੀ ‘ਤੇ ਪੈਪਰ ਸਪ੍ਰੇਅ ਕੀਤਾ ਗਿਆ ਅਤੇ ਨੇੜੇ ਖੜ੍ਹੇ ਕੁਝ ਲੋਕਾਂ ਨੇ ਪੁਲਿਸ ਸੱਦ ਲਈ। ਅਮਨ ਸਿੰਘ ਹੁੰਦਲ ਨੇ ਸਵਾਲ ਉਠਾਇਆ ਕਿ ਬੀ.ਸੀ. ਟ੍ਰਾਂਜ਼ਿਟ ਦੇ ਡਰਾਈਵਰ ਨੇ ਹਮਲਾਵਰਾਂ ਦੇ ਨਾਲ-ਨਾਲ ਪੀੜਤ ਨੂੰ ਬੱਸ ਵਿਚੋਂ ਉਤਰਨ ਲਈ ਮਜਬੂਰ ਕਿਉਂ ਕੀਤਾ?

ਡਰਾਈਵਰ ਨੇ ਸਿੱਖ ਵਿਦਿਆਰਥੀ ਨੂੰ ਇਕ ਚੌਰਾਹੇ ‘ਤੇ ਇਕੱਲਾ ਛੱਡ ਦਿਤਾ ਜਿਥੇ ਉਸ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ।

Leave a Reply

Your email address will not be published.

Back to top button