ਕੈਨੇਡਾ 'ਚ ਹੁਣ ਸਭ ਕੁਝ ਛੱਡ ਆਪਣੇ ਦੇਸ਼ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ

ਕੈਨੇਡਾ ਤੋਂ ਪਰਵਾਸੀਆਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਮਹਿੰਗਾਈ ਤੋਂ ਅੱਕੇ ਲੋਕ ਵਤਨ ਵਾਪਸੀ ਕਰਨ ਲੱਗੇ ਹਨ। ਸਰਕਾਰੀ ਰਿਪੋਰਟਾਂ ਵਿੱਚ ਖੁਲਾਸਾ ਹੋਇਆ ਹੈ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਪਗ 42 ਹਜ਼ਾਰ ਲੋਕਾਂ ਨੇ ਕੈਨੇਡਾ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ 93,818 ਨੇ ਕੈਨੇਡਾ ਛੱਡਿਆ ਸੀ ਸੀ। ਸਾਲ 2021 ਵਿੱਚ 85,927 ਲੋਕਾਂ ਨੇ ਦੇਸ਼ ਛੱਡਿਆ ਸੀ। ਇਹ ਸਭ ਕੈਨੇਡਾ ਵਿੱਚ ਪੈਦਾ ਹੋ ਰਹੇ ਵਿੱਤੀ ਸੰਕਟ ਦਾ ਅਸਰ ਹੈ।
ਦਰਅਸਲ ਕੈਨੇਡਾ ਵਿੱਚ ਪਰਵਾਸੀਆਂ ਲਈ ਉੱਥੋਂ ਦੀ ਰਹਿਣ-ਸਹਿਣ ਦੀ ਵਧ ਰਹੀ ਲਾਗਤ ਨੇ ਸੰਕਟ ਖੜ੍ਹਾ ਕਰ ਦਿੱਤਾ ਹੈ। ਕੈਨੇਡਾ ਵਿੱਚ ਵਧੇ ਹੋਏ ਕਿਰਾਏ ਤੇ ਮਕਾਨ ਬਣਾਉਣ ਲਈ ਲਏ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਣ ਕਾਰਨ ਉਨ੍ਹਾਂ ਨੂੰ ਗੁਜ਼ਰ ਬਸਰ ਕਰਨ ਲਈ ਦੋ ਚਾਰ ਹੋਣਾ ਪੈ ਰਿਹਾ ਹੈ। ਇਸ ਕਾਰਨ ਵੱਡੀ ਗਿਣਤੀ ਪਰਵਾਸੀਆਂ ਨੇ ਕੈਨੇਡਾ ਤੋਂ ਆਪਣੇ ਪਿਤਰੀ ਰਾਜਾਂ ਨੂੰ ਚਾਲੇ ਪਾ ਦਿੱਤੇ ਹਨ।
ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਵਿੱਚ ਘੱਟ ਰਹੀ ਆਬਾਦੀ ਤੇ ਹੋਰ ਚੁਣੌਤੀਆਂ ਨੂੰ ਦੂਰ ਕਰਨ ਲਈ ਪਰਵਾਸ ਨੀਤੀ ਨੂੰ ਮੁੱਖ ਹਥਿਆਰ ਬਣਾਇਆ ਸੀ। ਇਸ ਨੇ ਆਰਥਿਕ ਵਿਕਾਸ ਦਰ ਵਧਾਉਣ ਵਿੱਚ ਮਦਦ ਵੀ ਕੀਤੀ ਸੀ ਪਰ ਸਟੈਟਿਕਸ ਕੈਨੇਡਾ ਅਨੁਸਾਰ ਅਜੋਕੇ ਸਮੇਂ ਕੈਨੇਡਾ ਦੀ ਆਬਾਦੀ ਪਿਛਲੇ ਛੇ ਦਹਾਕਿਆਂ ਦੇ ਸਮੇਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਗਈ ਹੈ।
ਕੈਨੇਡਾ ਵਿੱਚ ਰੋਜ਼ ਮਰ੍ਹਾ ਲਈ ਵਧਦੇ ਖਰਚਿਆਂ ਕਾਰਨ ਇੱਥੇ ਆਏ ਪਰਵਾਸੀਆਂ ਨੇ ਵਾਪਸ ਆਪਣੇ ਪਿੱਤਰੀ ਰਾਜਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਮੇਂ ਵਿੱਚ ਇਹ ਰੁਝਾਨ ਹੌਲੀ ਹੌਲੀ ਵਧ ਰਿਹਾ ਹੈ। ਕੈਨੇਡਾ ਅੰਦਰ ਰੁਜਗਾਰ ਦੀ ਵੀ ਸਮੱਸਿਆ ਵਧ ਰਹੀ ਹੈ।