
ਪੰਜਾਬ ਦੇ Ex ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ‘ਚ ਉਹ ਵਿਦੇਸ਼ੀ ਧਰਤੀ ‘ਤੇ ਦੋਸਤਾਂ ਨਾਲ ਘੁੰਮਦੇ ਨਜ਼ਰ ਆਏ ਹਨ। ਇਹ ਤਸਵੀਰਾਂ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਲੋਡ ਕੀਤੀਆਂ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਪਾਰਟੀ ਗਤੀਵਿਧੀਆਂ ਅਤੇ ਲੋਕਾਂ ਚੋਂ ਗਾਇਬ ਹਨ।
ਚੰਨੀ ਜਿਥੇ ਚੋਣ ਹਾਰਨ ਤੋਂ ਬਾਅਦ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਰਹੇ, ਉਥੇ ਹੀ ਸੋਸ਼ਲ ਮੀਡੀਆ ਤੋਂ ਵੀ ਲਗਪਗ ਗਾਇਬ ਹੀ ਰਹੇ। ਚੰਨੀ ਮੁੱਖ ਮੰਤਰੀ ਰਹਿੰਦਿਆਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ‘ਚ ਰਹਿੰਦੇ ਸਨ। ਕਦੇ ਚੰਨੀ ਸਟੇਜ ‘ਤੇ ਭੰਗੜਾ ਪਾਉਂਦਾ, ਕਦੇ ਬੱਕਰੀ ਦਾ ਦੁੱਧ ਕੱਢਦਾ, ਕਦੇ ਮੰਜੀ ਬੁਣਦਾ, ਕਦੇ ਢਾਬੇ ‘ਤੇ ਤੜਕਾ ਲਗਾਉਂਦਾ, ਕਦੇ ਲੋਕਾਂ ਦੇ ਵਿਚਕਾਰ ਬੈਠ ਕੇ ਚਾਹ ਪੀਂਦਾ, ਉਨ੍ਹਾਂ ਦੀਆਂ ਮੁਸ਼ਕਿਲਾਂ ਦੇਖਦਾ।
ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਸਨ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚੰਨੀ ਨੂੰ ਉਨ੍ਹਾਂ ਦੇ ਸਿੱਖ ਚਿਹਰੇ ਅਤੇ ਐਸਸੀ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਕਾਂਗਰਸ ਹਾਈਕਮਾਂਡ ਨੇ ਅਚਾਨਕ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਸੀ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ।
ਕਿਉਂਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਅਤੇ ਕੈਪਟਨ ਨੂੰ ਹਟਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਵੱਡੀਆਂ ਉਮੀਦਾਂ ਸਨ ਕਿ ਹੁਣ ਹਾਈਕਮਾਂਡ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਪਰ ਚੰਨੀ ਦੇ ਨਾਂ ਕਾਰਨ ਸਿੱਧੂ ਨੂੰ ਵੀ ਲਾਂਭੇ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਬਣਨ ਦੇ ਬਾਵਜੂਦ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਤੋਂ ਦੋਵੇਂ ਸੀਟਾਂ ਹਾਰ ਗਏ ਸਨ।