PoliticsPunjab

ਕੈਨੇਡੀਅਨ ਵੀਜ਼ਾ ਹੋਣ ਦੇ ਬਾਵਜੂਦ ਸੈਂਕੜੇ ਪੰਜਾਬੀਆਂ ਨੂੰ ਹਵਾਈ ਅੱਡੇ ਤੋਂ ਵਾਪਸ ਭੇਜਿਆ

Despite having Canadian visas, hundreds of Punjabis were sent back from the airport

ਕੈਨੇਡੀਅਨ ਵੀਜ਼ਾ ਹੋਣ ਦੇ ਬਾਵਜੂਦ ਸੈਂਕੜੇ ਪੰਜਾਬੀਆਂ ਨੂੰ ਹਵਾਈ ਅੱਡੇ ਤੋਂ ਬੇਰੰਗ ਚਿੱਠੀ ਵਾਂਗ ਵਾਪਸ ਮੋੜਿਆ ਜਾ ਰਿਹਾ ਹੈ। ਜੀ ਹਾਂ, ਇਕੱਲੇ ਜੁਲਾਈ ਮਹੀਨੇ ਦੌਰਾਨ ਕੈਨੇਡਾ ਸਰਕਾਰ ਨੇ 5,853 ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਅੱਡੇ ਤੋਂ ਮੋੜਿਆ ਜਿਨ੍ਹਾਂ ਵਿਚ ਵਿਦਿਆਰਥੀ, ਟੂਰਿਸਟ ਅਤੇ ਵਰਕ ਪਰਮਿਟ ਵਾਲੇ ਸ਼ਾਮਲ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅੰਕੜਿਆਂ ਮੁਤਾਬਕ ਮੌਜੂਦ ਵਰ੍ਹੇ ਦੇ ਪਹਿਲੇ ਸੱਤ ਮਹੀਨੇ ਦੌਰਾਨ ਔਸਤਨ 3,727 ਵਿਦੇਸ਼ੀ ਨਾਗਰਿਕਾਂ ਨੂੰ ਹਰ ਮਹੀਨੇ ਹਵਾਈ ਅੱਡੇ ਤੋਂ ਹੀ ਮੋੜ ਦਿਤਾ ਗਿਆ।

ਹਵਾਈਆਂ ਅੱਡਿਆਂ ਸਣੇ ਜ਼ਮੀਨੀ ਰਸਤੇ ਅਮਰੀਕਾ ਤੋਂ ਆਉਣ ਵਾਲਿਆਂ ਦੇ ਯਾਤਰਾ ਦਸਤਾਵੇਜ਼ ਵੀ ਬਾਰੀਕੀ ਨਾਲ ਦੇਖੇ ਜਾ ਰਹੇ ਹਨ। ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਵੱਲੋਂ ਬਾਰਡਰ ਅਫਸਰਾਂ ਦੇ ਕੰਨ ਵਿਚ ਫੂਕ ਮਾਰ ਦਿਤੀ ਗਈ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕਈ ਲੋਕ ਸਾਡੇ ਮੁਲਕ ਨੂੰ ਨੁਕਸਾਨ ਪਹੁੰਚਾ ਰਹੇ ਹਨ ਜਿਸ ਦੇ ਮੱਦੇਨਜ਼ਰ ਜਾਇਜ਼ ਵੀਜ਼ਾ ਹੋਣ ‘ਤੇ ਵੀ ਉਨ੍ਹਾਂ ਨੂੰ ਲੰਘਣ ਨਹੀਂ ਦਿਤਾ ਜਾਂਦਾ। ਉਧਰ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਜਾਰੀ ਕਰਨ ਦੀ ਰਫ਼ਤਾਰ ਵੀ ਘਟਾ ਦਿਤੀ ਗਈ ਹੈ ਅਤੇ ਪਹਿਲਾਂ ਦੇ ਮੁਕਾਬਲੇ ਬਹੁਤ ਥੋੜ੍ਹੇ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਇਥੋਂ ਤੱਕ ਕਿ ਵਿਜ਼ਟਰ ਵੀਜ਼ਾ ਦੀਆਂ ਜ਼ਿਆਦਾਤਰ ਅਰਜ਼ੀਆਂ ਸਿੱਧੇ ਤੌਰ ‘ਤੇ ਰੱਦ ਕੀਤੀਆਂ ਜਾ ਰਹੀਆਂ ਹਨ ਜਦਕਿ ਸਟੱਡੀ ਵੀਜ਼ਿਆਂ ਦੀ ਗਿਣਤੀ 2023 ਦੇ ਮੁਕਾਬਲੇ ਬਹੁਤ ਜ਼ਿਆਦਾ ਘਟਾ ਦਿਤੀ ਗਈ ਹੈ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਇਕ ਬੁਲਾਰੇ ਨੇ ਦਲੀਲ ਦਿਤੀ ਕਿ ਨਿਰਪੱਖ ਅਤੇ ਬਗੈਰ ਵਿਤਕਰੇ ਵਾਲੀ ਸੋਚ ਅਧੀਨ ਕੰਮ ਕੀਤਾ ਜਾ ਰਿਹਾ ਹੈ।

 

  ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਹਰ ਵਿਦੇਸ਼ੀ ਨਾਗਰਿਕ ਦੇ ਯਾਤਰਾ ਦਸਤਾਵੇਜ਼ ਦੇਖਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਂਦਾ ਹੈ ਅਤੇ ਕਿਸੇ ਨੂੰ ਦਾਖਲ ਹੋਣ ਤੋਂ ਰੋਕਣ ਪਿੱਛੇ ਨੀਤੀਆਂ ਵਿਚ ਤਬਦੀਲੀ ਜ਼ਿੰਮੇਵਾਰ ਹੋ ਸਕਦੀ ਹੈ ਪਰ ਬੁਲਾਰੇ ਨੇ ਤਬਦੀਲੀ ਬਾਰੇ ਵਿਸਤਾਰ ਨਾਲ ਦੱਸਣ ਤੋਂ ਇਨਕਾਰ ਕਰ ਦਿਤਾ। ਕੈਲਗਰੀ ਯੂਨੀਵਰਸਿਟੀ ਵਿਚ ਕਾਨੂੰਨ ਦੇ ਸਹਾਇਕ ਪ੍ਰੋਫੈਸਰ ਗਿਡੀਅਨ ਕ੍ਰਿਸ਼ਚਨ ਨੇ ਸਵਾਲ ਉਠਾਇਆ ਕਿ ਜਦੋਂ ਵਿਦੇਸ਼ੀ ਲੋਕਾਂ ਨੂੰ ਦਾਖਲ ਹੀ ਨਹੀਂ ਹੋਣ ਦੇਣਾ ਤਾਂ ਉਨ੍ਹਾਂ ਨੂੰ ਵੀਜ਼ੇ ਕਿਉਂ ਦਿਤੇ ਗਏ। ਜਦੋਂ ਲੋਕ ਕੈਨੇਡਾ ਦੇ ਦਰਵਾਜ਼ੇ ‘ਤੇ ਪੁੱਜ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਵਾਪਸੀ ਕਰਨ ਲਈ ਮਜਬੂਰ ਕਰ ਦਿਤਾ ਜਾਂਦਾ ਹੈ। 

Back to top button