
ਬਰਨਾਲਾ ਵਿੱਚ ਅਕਾਲੀ ਲੀਡਰ ਕੁਲਵੀਰ ਸਿੰਘ ਮਾਨ ਨੇ ਆਪਣੀ ਮਾਂ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਉਸ ਦੀ ਪਤਨੀ ਬਚ ਗਈ ਕਿਉਂਕਿ ਉਹ ਦੁੱਧ ਲੈਣ ਬਾਹਰ ਗਈ ਹੋਈ ਸੀ। ਕੁਲਵੀਰ ਮਾਨ ਨੇ ਆਪਣੇ ਰਿਵਾਲਵਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਕਿਹਾ ਹੈ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਵੀਰ ਸਿੰਘ ਮਾਨ ਡਿਪ੍ਰੈਸ਼ਨ ਤੋਂ ਪੀੜਤ ਸੀ। ਇਸ ਲਈ ਦਵਾਈਆਂ ਵੀ ਲੈ ਰਿਹਾ ਸੀ। ਕੁਝ ਸਮਾਂ ਪਹਿਲਾਂ ਉਸ ਦੀ ਸਰਜਰੀ ਵੀ ਹੋਈ ਸੀ। ਉਸ ਨੂੰ ਸੌਣ ਵਿੱਚ ਵੀ ਤਕਲੀਫ਼ ਹੁੰਦੀ ਸੀ। ਇਸ ਲਈ ਘਟਨਾ ਦੀ ਕਈ ਪੱਖਾਂ ਤੋਂ ਜਾਂਚ ਹੋ ਰਹੀ ਹੈ।
ਡੀਐਸਪੀ ਨੇ ਦੱਸਿਆ ਕਿ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ ਹੈ ਕਿ ਕੁਲਵੀਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਲੜਕੀ ਨੂੰ ਗੋਲੀਆਂ ਮਾਰੀਆਂ। ਫਿਰ ਮਾਂ ਤੇ ਕੁੱਤੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਮਗਰੋਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ।
ਬਰਨਾਲਾ ‘ਚ ਸ਼ਨੀਵਾਰ ਦੇਰ ਸ਼ਾਮ ਇੱਕ ਅਕਾਲੀ ਆਗੂ ਨੇ ਮਾਵਾਂ-ਧੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ ਉਸ ਨੇ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਸੰਦੀਪ ਮਲਿਕ, ਸੀਆਈਏ ਇੰਚਾਰਜ ਬਲਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ।
ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਵੀ ਇਕੱਠੇ ਕੀਤੇ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਇਹ ਘਟਨਾ ਰਾਮ ਰਾਜ ਕਲੌਨੀ ‘ਚ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਕੁਲਵੀਰ ਮਾਨ, ਉਸ ਦੀ ਮਾਂ ਬਲਵੰਤ ਕੌਰ ਅਤੇ ਬੇਟੀ ਨਿਮਰਤ ਕੌਰ ਵਜੋਂ ਹੋਈ ਹੈ।
ਬਰਨਾਲਾ ‘ਚ ਠੀਕਰੀਵਾਲਾ ਚੌਕ ਨੇੜੇ ਬਰਨਾਲਾ ਸੰਖੇੜਾ ਬਾਈਪਾਸ ਰੋਡ ‘ਤੇ ਰਾਮ ਰਾਜਿਆ ਕਾਲੋਨੀ ਦੀ ਇੱਕ ਕੋਠੀ ਵਿੱਚੋਂ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੂਰੇ ਸ਼ਹਿਰ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪਰਿਵਾਰ ਦਾ ਪਾਲਤੂ ਕੁੱਤਾ ਵੀ ਮ੍ਰਿਤਕ ਹਾਲ ਦੇ ਵਿੱਚ ਪਾਇਆ ਗਿਆ। ਮ੍ਰਿਤਕਾਂ ਦੀ ਪਹਿਚਾਣ ਕੁਲਬੀਰ ਸਿੰਘ, ਬਲਵੰਤ ਕੌਰ ਤੇ ਨਿਮਰਤ ਕੌਰ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ਦੀ ਮੌਤ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਵੀ ਸਾਹਮਣੇ ਨਹੀਂ ਆ ਰਿਹਾ। ਇਹ ਸਮੂਹਿਕ ਆਤਮ ਹੱਤਿਆ ਹੈ ਜਾਂ ਫਿਰ ਕਿਸੇ ਨੇ ਇਹਨਾਂ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਹੋਰ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ‘ਚ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਦੇ ਨੇੜਲਾ ਸਾਥੀ ਕੁਲਵੀਰ ਸਿੰਘ ਵੀ ਹੈ।