ਸੋਸ਼ਲ ਮੀਡੀਆ ‘ਤੇ ਖੁੰਖਾਰ ਗੈਂਗਸਟਰ ਅਰਸ਼ ਡੱਲਾ ਵੱਲੋਂ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਗਈ ਹੈ। ਆਜ਼ਾਦੀ ਦਿਹਾੜੇ ਮੌਕੇ ਪੰਜਾਬ ਪੁਲਿਸ ਵੱਲੋਂ ਦਿੱਲੀ ਤੋਂ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਇਨ੍ਹਾਂ ਵਿਚ ਸ਼ਾਮਲ ਦੀਪਕ ਅਤੇ ਸੰਨੀ ਦੀਆਂ ਤਾਰਾਂ ਅਰਸ਼ ਡੱਲਾ ਨਾਲ ਜੁੜੀਆਂ ਹੋਈਆਂ ਹਨ। ਡੱਲਾ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੁਆਰਾ ਸਮਰਥਤ ਅੱਤਵਾਦੀ ਮਾਡਿਊਲ ਕਰਾਰ ਦਿੱਤਾ ਸੀ। ਜੋ ਆਜ਼ਾਦੀ ਦਿਵਸ ਮੌਕੇ ਧਮਾਕੇ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਅੱਤਵਾਦੀਆਂ ਕੋਲੋਂ ਪਿਸਤੌਲ ਅਤੇ ਕਾਰਤੂਸ ਤੋਂ ਇਲਾਵਾ 3 ਹੈਂਡ ਗਰਨੇਡ ਅਤੇ ਇਕ ਆਈਈਡੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਮੈਨੂੰ ਜ਼ਬਰਦਸਤੀ ਅੱਤਵਾਦੀ ਬਣਾਇਆ ਜਾ ਰਿਹਾ ਹੈ। ਮੈਂ ਅੱਜ ਤੱਕ ਧਮਾਕਾ ਨਹੀਂ ਕਰਵਾਇਆ। ਜੇ ਮਜ਼ਬੂਰ ਹੋਇਆ ਤਾਂ ਮੈਂ ਉਸੇ ਅੰਦਾਜ਼ ਵਿਚ ਜਵਾਬ ਦੇਵਾਂਗਾ।
ਗੈਂਗਸਟਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਹੈ ਕਿ ਉਸਦੇ ਭਰਾ ਦੀਪਕ ਅਤੇ ਸੰਨੀ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲ ਇੱਕ 9 ਐਮਐਮ ਦੀ ਪਿਸਤੌਲ ਅਤੇ 100 ਕਾਰਤੂਸ ਸਨ। ਕੋਈ ਬੰਬ ਜਾਂ ਹੈਂਡ ਗ੍ਰੇਨੇਡ ਨਹੀਂ ਸੀ। ਬੇਕਸੂਰ ਤੇ ਪਰਚਾ ਦਰਜ ਕਰਨ ਸਮੇਂ ਪੁਲਿਸ ਇੱਕ ਵਾਰ ਵੀ ਨਹੀਂ ਸੋਚਦੀ। ਮੇਰੇ ਭਰਾਵਾਂ ਨੂੰ ਬਿਨਾਂ ਕਿਸੇ ਕਾਰਨ ਅੱਤਵਾਦੀ ਬਣਾਇਆ ਜਾ ਰਿਹਾ ਹੈ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਗੈਂਗਸਟਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਬੇਕਸੂਰ ਸੀ, ਉਸ ਦਾ ਕਤਲ ਕਰਵਾ ਦਿੱਤਾ। ਕਾਤਲਾਂ ਨੂੰ ਮੰਤਰੀਆਂ ਵਾਂਗ ਮੀਡੀਆ ਵਿੱਚ ਮਸ਼ਹੂਰ ਕੀਤਾ ਜਾ ਰਿਹਾ ਹੈ।