
ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਦਿੱਤੀ ਸਿਖਲਾਈ, ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਵੀ ਮੁਹੱਈਆ ਕਰਵਾਈਆਂ
ਜਲੰਧਰ, ਐਚ ਐਸ ਚਾਵਲਾ।
ਡਿਪਟੀ ਕਮਿਸ਼ਨਰ ਜਲੰਧਰ ਸ.ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ ’ਤੇ ਮੰਗਲਵਾਰ ਨੂੰ ਸਥਾਨਕ ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਭਾਈ ਘਨੱਈਆ ਜੀ ਸੇਵਾ ਸਕੰਲਪ ਦਿਵਸ ਮਨਾਇਆ ਗਿਆ, ਜਿਸ ਦੌਰਾਨ ਲਗਾਏ ਗਏ ਖੂਨਦਾਨ ਕੈਂਪ ਵਿੱਚ 76 ਵਿਦਿਆਰਥੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਰੈਡ ਕਰਾਸ ਸੁਸਾਇਟੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਦੌਰਾਨ ਲਗਾਏ ਗਏ ਖੂਨਦਾਨ ਕੈਂਪ ’ਚ ਸਿਵਲ ਹਸਪਤਾਲ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ।
SDM ਜੈ ਇੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖੂਨਦਾਨੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਭਾਈ ਘਨੱਈਆ ਜੀ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਲੋੜਵੰਦਾਂ ਦੀ ਸੇਵਾ ਕਰਨ ਦੇ ਵਿਖਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਮੁੱਖ ਮਹਿਮਾਨ ਵੱਲੋਂ ਬੂਟੇ ਲਾ ਕੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦੇਣ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਵੀ ਕੱਢੀ ਗਈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਕਮਲੇਸ਼ ਸਿੰਘ ਦੁੱਗਲ ਅਤੇ ਐਨ.ਜੀ.ਓ.ਦਿਸ਼ਾਦੀਪ ਇਸਤਰੀ ਵਿੰਗ ਦੇ ਚੇਅਰਮੈਨ ਸਰਬਜੀਤ ਕੌਰ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਤੋਂ ਪਹਿਲਾਂ ਕਰਵਾਏ ਗਏ ਸੈਮੀਨਾਰ ਦੌਰਾਨ ਜਿਥੇ ਬੂਟਾ ਸਿੰਘ ਪੰਡੋਰੀ ਵੱਲੋਂ ਭਾਈ ਘਨੱਈਆ ਜੀ ਦੇ ਜੀਵਨ ’ਤੇ ਚਾਨਣਾ ਪਾਇਆ ਗਿਆ ਉਥੇ ਰੈਡ ਕਰਾਸ ਸੁਸਾਇਟੀ ਦੇ ਮਾਸਟਰ ਟ੍ਰੇਨਰ ਸੋਮਰਾਜ ਵੱਲੋਂ ਵਿਦਿਆਰਥੀਆਂ ਨੂੰ ਜ਼ਰੂਰਤ ਸਮੇਂ ਕਿਸੇ ਨੂੰ ਮੁੱਢਲੀ ਸਹਾਇਤਾ (ਫਸਟ ਏਡ) ਦੇਣ ਸਬੰਧੀ ਸਿਖਲਾਈ ਦਿੱਤੀ ਗਈ। ਇਸ ਮੌਕੇ ਜ਼ਿਲਾ ਰੈਡ ਕਰਾਸ ਸੁਸਾਇਟੀ ਵੱਲੋਂ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਪੰਜ ਵ੍ਹੀਲ ਚੇਅਰਾਂ ਵੀ ਵੰਡੀਆਂ ਗਈਆਂ।
ਦਿਸ਼ਾਦੀਪ ਦੇ ਪ੍ਰਾਜੈਕਟ ਡਾਇਰੈਕਟਰ ਰਮੇਸ਼ ਲਖਨਪਾਲ, ਤਰਸੇਮ ਜਲੰਧਰੀ, ਲਾਇਨ ਐਸ.ਐਮ. ਸਿੰਘ , ਕੈਪਟਨ ਜਸਵਿੰਦਰ ਸਿੰਘ , ਆਈ ਡੋਨਰਜ਼ ਐਸੋਸੀਏਸ਼ਨ ਦੇ ਮੁਖੀ ਐਸ.ਪੀ. ਸਿੰਘ, ਜਲੰਧਰ ਵੈੱਲਫ਼ੇਅਰ ਐਸੋਸੀਏਸ਼ਨ ਦੇ ਸੁਰਿੰਦਰ ਸੈਣੀ, ਸਰਬਜੀਤ ਕੌਰ, ਹਰਪਾਲ ਸਿੰਘ ਸਿਦਕੀ , ਸ਼ੀਲਾ ਮਹੇ, ਵੀਨਾ ਮਹਾਜਨ , ਪ੍ਰੋਫੈਸਰ ਦੁਰਗੇਸ਼ ਜੰਡੀ,ਪ੍ਰੋਫੈਸਰ ਕਸ਼ਮੀਰੀ ਲਾਲ ਤੇ ਡਾ. ਨਵਨੀਤ ਕੌਰ ਦਾ ਸਮਾਜ ਪ੍ਰਤੀ ਬਿਹਤਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਜਦਕਿ ਹਾਈਵੇ ਅਥਾਰਟੀ ਦੇ ਇੰਜ. ਰਣਵੀਰ ਸਿੰਘ ਨੂੰ ਵਾਤਾਵਰਣ ਸੁਰੱਖਿਆ ਲ਼ਈ ਦਿਸ਼ਾਦੀਪ ਨਾਲ ਸਾਂਝੀ ਮੁਹਿੰਮ ਤਹਿਤ 1200 ਬੂਟੇ ਲਗਾਉਣ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਮਿਨਹਾਸ, ਮੇਹਰਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਨਿਸ਼ਕਾਮ ਸੇਵਾ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਮੌਜੂਦ ਸਨ।