
ਲੁਧਿਆਣਾ ਵਿੱਚ ਡੀਆਰਆਈ (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਦੇ ਡਿਪਟੀ ਡਾਇਰੈਕਟਰ ਕਾਰਤਿਕ ਦੂਬੇ ਅਤੇ ਐਸਟੀਐਫ ਇੰਚਾਰਜ ਹਰਬੰਸ ਸਿੰਘ ਦੀ ਟੀਮ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਦੇਰ ਰਾਤ ਸਰਾਫ਼ਾ ਬਾਜ਼ਾਰ ਵਿੱਚ ਇੱਕ ਗਹਿਣਿਆਂ ਦੀ ਦੁਕਾਨ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਦੁਕਾਨਦਾਰ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ। ਦੁਕਾਨ ਦੇ ਮਾਲਕ ਨੇ ਪੁਲਿਸ ‘ਤੇ ਗੰਭੀਰ ਦੋਸ਼ ਲਗਾਏ ਹਨ। ਦੁਕਾਨ ਮਾਲਕ ਸ਼ੰਕਰ ਨੇ ਦੱਸਿਆ ਕਿ ਜਦੋਂ ਪੁਲੀਸ ਨੇ ਉਸ ਦੀ ਦੁਕਾਨ ’ਤੇ ਛਾਪਾ ਮਾਰਿਆ ਤਾਂ ਪੁਲੀਸ ਮੁਲਾਜ਼ਮਾਂ ਨੇ ਦੁਕਾਨ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਸ ਦੇ ਪੁੱਤਰ ਨਾਲ ਕੁੱਟਮਾਰ ਕੀਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਬੀਤੀ ਰਾਤ ਥਾਣਾ ਕੋਤਵਾਲੀ ਦੀ ਪੁਲੀਸ ਨੇ ਦੁਕਾਨ ਮਾਲਕ ਸ਼ੰਕਰ ਅਤੇ ਉਸ ਦੇ ਲੜਕੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਡੀਆਰਆਈ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੁਬਈ ਤੋਂ ਲਿਆਂਦਾ ਸੋਨਾ ਸਰਾਫਾ ਬਾਜ਼ਾਰ, ਲੁਧਿਆਣਾ ਵਿਖੇ ਇੱਕ ਦੁਕਾਨਦਾਰ ਨੂੰ ਦੇਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਕੋਈ ਵਿਅਕਤੀ ਜਵੈਲਰਜ਼ ਦੀ ਦੁਕਾਨ ‘ਤੇ ਸੋਨਾ ਵੇਚ ਕੇ ਚਲਾ ਗਿਆ। ਸ਼ੰਕਰ ਮੁਤਾਬਕ ਰੋਜ਼ਾਨਾ ਕਈ ਗਾਹਕ ਬਾਜ਼ਾਰ ‘ਚ ਆਉਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਬਹੁਤ ਪੁਰਾਣਾ ਸੋਨਾ ਹੈ ਪਰ ਬਿੱਲ ਆਦਿ ਨਹੀਂ ਹਨ। ਪੁਰਾਣਾ ਸੋਨਾ ਹੋਣ ਕਾਰਨ ਦੁਕਾਨਦਾਰ ਅਕਸਰ ਉਨ੍ਹਾਂ ਤੋਂ ਹੀ ਖਰੀਦ ਲੈਂਦੇ ਹਨ। ਉਸ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਸੋਨਾ ਦੁਬਈ ਜਾਂ ਕਿਸੇ ਹੋਰ ਥਾਂ ਤੋਂ ਆਇਆ ਹੈ। ਸ਼ੰਕਰ ਮੁਤਾਬਕ ਉਸ ਨੇ ਉਸ ਵਿਅਕਤੀ ਤੋਂ ਇੰਨਾ ਸੋਨਾ ਨਹੀਂ ਖਰੀਦਿਆ ਜਿੰਨਾ ਟੀਮ ਬਰਾਮਦ ਕਰ ਰਹੀ ਹੈ।
ਥਾਣਾ ਕੋਤਵਾਲੀ ਦੇ ਐਸਐਚਓ ਸੰਜੀਵ ਕਪੂਰ ਨੇ ਜਦੋਂ ਗਹਿਣਿਆਂ ਦੀ ਦੁਕਾਨ ਦੇ ਮਾਲਕ ਸ਼ੰਕਰ ਨੂੰ ਥਾਣੇ ਲਿਜਾਣਾ ਚਾਹਿਆ ਤਾਂ ਉਸ ਨੇ ਸਰਾਫ਼ਾ ਬਾਜ਼ਾਰ ਤੋਂ ਥਾਣਾ ਕੋਤਵਾਲੀ ਤੱਕ ਪੈਦਲ ਜਾ ਕੇ ਹਾਈ ਵੋਲਟੇਜ ਡਰਾਮਾ ਕੀਤਾ। ਦੁਕਾਨਦਾਰ ਹੱਥ ਵਿੱਚ ਕੋਲਡ ਡਰਿੰਕ ਦੀ ਬੋਤਲ ਫੜ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਾ ਰਿਹਾ।