ਰਾਜਸਥਾਨ ਦੇ ਤਿਜਾਰਾ ਵਿਧਾਨ ਸਭਾ ‘ਚ ਚੋਣ ਪ੍ਰਚਾਰ ਦੌਰਾਨ ਗੁਰਦੁਆਰਿਆਂ ‘ਤੇ ਕੀਤੀ ਗਈ ਵਿਵਾਦਿਤ ਟਿੱਪਣੀ ਲਈ ਭਾਜਪਾ ਨੇਤਾ ਸੰਦੀਪ ਦਿਆਮਾ ਨੇ ਮੁਆਫੀ ਮੰਗ ਲਈ ਹੈ। ਉਸ ਨੇ ਆਪਣੀ ਮੁਆਫੀ ਦੀ ਵੀਡੀਓ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ (ਐੱਸ.ਜੀ.ਪੀ.ਸੀ.) ਨੂੰ ਭੇਜ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਉਹ ਗੁਰਦੁਆਰੇ ਆ ਕੇ ਵੀ ਮੁਆਫੀ ਮੰਗਣਗੇ।
ਦਰਅਸਲ ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਭਾਜਪਾ ਦੀ ਰੈਲੀ ਦੌਰਾਨ ਸਟੇਜ ਤੋਂ ਸੰਦੀਪ ਦਿਆਮਾ ਨੇ ਗੁਰਦੁਆਰਿਆਂ ਨੂੰ ਇੱਕ ਨਾਸੂਰ ਦੱਸਿਆ ਸੀ। ਇੰਨਾ ਹੀ ਨਹੀਂ ਉਸ ਨੇ ਗੁਰਦੁਆਰਿਆਂ ਨੂੰ ਢਾਹ ਦੇਣ ਦੀ ਗੱਲ ਵੀ ਕਹੀ। ਇਸ ਮੈਗਾ ਰੈਲੀ ‘ਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ ਅਤੇ ਉਹ ਵੀ ਇਸ ਬਿਆਨ ‘ਤੇ ਤਾੜੀਆਂ ਵਜਾਉਂਦੇ ਨਜ਼ਰ ਆਏ।
ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਪੰਜਾਬ ਦੇ ਸਿੱਖਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਧਦੇ ਵਿਵਾਦ ਨੂੰ ਦੇਖਦਿਆਂ ਭਾਜਪਾ ਸਿੱਖ ਆਗੂਆਂ ਨੇ ਸੰਦੀਪ ਦਿਆਮਾ ਨੂੰ ਇਸ ਲਈ ਮੁਆਫੀ ਮੰਗਣ ਲਈ ਕਿਹਾ।
ਸੰਦੀਪ ਦਿਆਮਾ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖ ਕੌਮ ਤੋਂ ਅਜਿਹੀ ਟਿੱਪਣੀ ਲਈ ਮੁਆਫੀ ਮੰਗੀ ਹੈ। ਦਾਇਮਾ ਨੇ ਕਿਹਾ ਕਿ ਉਸ ਨੂੰ ਵੀ ਨਹੀਂ ਪਤਾ ਕਿ ਗੁਰਦੁਆਰਿਆਂ ਬਾਰੇ ਇਹ ਸ਼ਬਦ ਉਸ ਦੇ ਮੂੰਹੋਂ ਕਿਵੇਂ ਨਿਕਲੇ। ਉਹ ਮਸਜਿਦਾਂ ਅਤੇ ਮਦਰੱਸਿਆਂ ਦੀ ਗੱਲ ਕਰ ਰਿਹਾ ਸੀ। ਉਹ ਇਸ ਲਈ ਮੁਆਫੀ ਮੰਗਦਾ ਹੈ।